ਗੁਹਾਟੀ, 23 ਨਵੰਬਰ
ਕਾਂਗਰਸ ਦੇ ਬੇਹੱਦ ਹਰਮਨਪਿਆਰੇ ਨੇਤਾ ਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਅੱਜ ਦੇਹਾਂਤ ਹੋ ਗਿਆ। 84 ਸਾਲਾ ਆਗੂ ਦੀ ਇੱਥੇ ਕੋਵਿਡ ਮਗਰੋਂ ਸਿਹਤ ਵਿਚ ਪਏ ਵਿਗਾੜ ਕਾਰਨ ਮੌਤ ਹੋ ਗਈ। ਉਨ੍ਹਾਂ ਅੱਜ ਸ਼ਾਮ 5.34 ’ਤੇ ਗੁਹਾਟੀ ਮੈਡੀਕਲ ਕਾਲਜ ਦੇ ਹਸਪਤਾਲ ਵਿਚ ਆਖ਼ਰੀ ਸਾਹ ਲਏ। ਡਾਕਟਰਾਂ ਨੇ ਗੋਗੋਈ ਦੀ ਈਸੀਜੀ ਕੀਤੀ ਜਿਸ ਵਿਚ ਦਿਲ ਦੀ ਧੜਕਣ ਬੰਦ ਪਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਗੋਗੋਈ ਦੇ ਪਰਿਵਾਰ ਵਿਚ ਪਤਨੀ ਡੌਲੀ, ਧੀ ਚੰਦਰਿਮਾ ਤੇ ਪੁੱਤਰ ਗੌਰਵ ਹਨ ਜੋ ਕਿ ਲੋਕ ਸਭਾ ਮੈਂਬਰ ਹਨ। ਗੋਗੋਈ ਨਹਿਰੂ-ਗਾਂਧੀ ਪਰਿਵਾਰ ਦੇ ਵਫ਼ਾਦਾਰ ਮੰਨੇ ਜਾਂਦੇ ਸਨ। ਸਿਆਸੀ ਅਖਾੜੇ ਵਿਚ ਗੋਗੋਈ ਦਾ ਕੱਦ ਬਹੁਤ ਵੱਡਾ ਸੀ ਤੇ ਉਨ੍ਹਾਂ ਅਸਾਮ ਦੀ ਅੱਗੇ ਹੋ ਕੇ ਅਗਵਾਈ ਕੀਤੀ। ਤਰੁਣ ਗੋਗੋਈ ਨੇ ਪਹਿਲੀ ਵਾਰ 2001 ਵਿਚ ਅਸਾਮ ਦੀ ਕਮਾਨ ਸੰਭਾਲੀ ਸੀ ਤੇ ਲਗਾਤਾਰ ਤਿੰਨ ਵਾਰ (2001-16) ਮੁੱਖ ਮੰਤਰੀ ਬਣੇ। 2001 ਤੋਂ ਲਗਾਤਾਰ ਉਹ ਵਿਧਾਇਕ ਸਨ। ਇਸ ਤੋਂ ਇਲਾਵਾ ਛੇ ਵਾਰ ਉਹ ਸੰਸਦ ਮੈਂਬਰ ਤੇ ਦੋ ਵਾਰ ਕੇਂਦਰੀ ਮੰਤਰੀ ਵੀ ਰਹੇ। ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ ਕਾਫ਼ੀ ਸਫ਼ਲ ਮੰਨਿਆ ਜਾਂਦਾ ਹੈ। ਹਾਲਾਂਕਿ ਤੀਸਰੀ ਵਾਰ ਮੁੱਖ ਮੰਤਰੀ ਬਣਨ ’ਤੇ ਉਨ੍ਹਾਂ ਨੂੰ ਪਾਰਟੀ ਅੰਦਰੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਗੋਗੋਈ ਦੀ ਦੇਹ ਨੂੰ ਦੀਸਪੁਰ ਉਨ੍ਹਾਂ ਦੀ ਰਿਹਾਇਸ਼ ’ਤੇ ਲਿਜਾਇਆ ਜਾਵੇਗਾ। ਭਲਕੇ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਆਖ਼ਰੀ ਦੀਦਾਰ ਲਈ ਰੱਖਿਆ ਜਾਵੇਗਾ। ਰਾਜ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਕਿਹਾ ਕਿ ਪੂਰੇ ਸਰਕਾਰੀ ਸਨਮਾਨਾਂ ਨਾਲ ਗੋਗੋਈ ਦੇ ਅੰਤਿਮ ਸਸਕਾਰ ਦੀ ਤਰੀਕ ਤੇ ਥਾਂ ਬਾਰੇ ਫ਼ੈਸਲਾ ਪਰਿਵਾਰ ਨਾਲ ਸਲਾਹ ਕਰ ਕੇ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੋਵਿਡ ਪਾਜ਼ੇਟਿਵ ਪਾਏ ਜਾਣ ’ਤੇ ਪਹਿਲਾਂ ਗੋਗੋਈ ਨੂੰ 26 ਅਗਸਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਛੁੱਟੀ ਮਿਲਣ ਮਗਰੋਂ ਦੁਬਾਰਾ ਉਨ੍ਹਾਂ ਨੂੰ 2 ਨਵੰਬਰ ਨੂੰ ਦਾਖ਼ਲ ਕਰਵਾਇਆ ਗਿਆ ਸੀ ਤੇ 21 ਨੂੰ ਉਨ੍ਹਾਂ ਦੀ ਹਾਲਤ ਕਾਫ਼ੀ ਵਿਗੜ ਗਈ ਸੀ। -ਪੀਟੀਆਈ
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੁੱਖ ਪ੍ਰਗਟ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਤਰੁਣ ਗੋਗੋਈ ਦੇ ਚਲੇ ਜਾਣ ਨਾਲ ਇਕ ਅਧਿਆਏ ਦਾ ਅੰਤ ਹੋ ਗਿਆ ਹੈ। ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਵਿਚ ਅਸਾਮ ਨੇ ਵੱਡੇ ਬਦਲਾਅ ਦੇਖੇ। ਉਨ੍ਹਾਂ ਪਰਿਵਾਰ ਤੇ ਸਨੇਹੀਆਂ ਨਾਲ ਅਫ਼ਸੋਸ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗੋਗੋਈ ਲੋਕਾਂ ਵਿਚ ਹਰਮਨਪਿਆਰੇ ਆਗੂ ਸਨ ਤੇ ਬਿਹਤਰੀਨ ਪ੍ਰਸ਼ਾਸਕ ਸਨ। ਅਸਾਮ ਵਿਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ।