ਜੰਮੂ, 29 ਜੂਨ
ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਅੱਜ ਹਿਜ਼ਬੁਲ ਕਮਾਂਡਰ ਸਣੇ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਸ ਦੇ ਨਾਲ ਹੀ ਬੀਤੇ 29 ਦਿਨਾਂ ਵਿੱਚ ਸੁਰੱਖਿਆ ਬਲਾਂ ਨੇ 50 ਦਹਿਸ਼ਤਗਰਦ ਮਾਰੇ ਹਨ। ਜਾਣਕਾਰੀ ਅਨੁਸਾਰ ਅਨੰਤਨਾਗ ਦੇ ਰੂਨੀਪੋਰਾ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਾਲੇ ਕਈ ਘੰਟੇ ਚੱਲੇ ਮੁਕਾਬਲੇ ਵਿੱਚ ਤਿੰਨ ਦਹਿਸ਼ਤਗਰਦ ਮਾਰੇ ਗਏ। ਦਹਿਸ਼ਤਗਰਦਾਂ ਕੋਲੋਂ ਇਕ ਏਕੇ 47 ਰਾਈਫਲ ਅਤੇ ਦੋ ਪਿਸਤੌਲ ਬਰਾਮਦ ਹੋਏ ਹਨ। ਤਲਾਸ਼ੀ ਮੁਹਿੰਮ ਜਾਰੀ ਹੈ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਅਨੰਤਨਾਗ ਵਿੱਚ ਹੋਏ ਮੁਕਾਬਲੇ ਵਿੱਚ ਲਸ਼ਕਰ ਏ ਤਈਬਾ ਦੇ ਦੋ ਅਤਿਵਾਦੀ ਅਤੇ ਹਿਜ਼ਬੁਲ ਕਮਾਂਡਰ ਮਸੂਦ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਮਸੂਦ ਦੇ ਮਾਰੇ ਜਾਣ ਬਾਅਦ ਜੰਮੂ ਦਾ ਡੋਡਾ ਜ਼ਿਲ੍ਹਾ ਪੂਰੀ ਤਰ੍ਹਾਂ ਅਤਿਵਾਦ ਮੁਕਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮਸੂਦ ’ਤੇ ਜਬਰ ਜਨਾਹ ਦਾ ਦੋਸ਼ ਸੀ ਤੇ ਉਹ ਫਰਾਰ ਚਲ ਰਿਹਾ ਸੀ। ਇਸ ਤੋਂ ਬਾਅਦ ਉਹ ਹਿਜ਼ਬੁਲ ਮੁਜਾਹਿਦੀਨ ਵਿੱਚ ਸ਼ਾਮਲ ਹੋ ਗਿਆ ਅਤੇ ਕਸ਼ਮੀਰ ਵਿੱਚ ਦਹਿਸ਼ਤੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ।