ਤਿਰੂਵਨੰਤਪੁਰਮ/ਕੋਚੀ, 7 ਮਾਰਚ
ਭਾਰਤੀ ਤੱਟ ਰੱਖਿਅਕਾਂ (ਆਈਸੀਜੀ) ਨੇ ਸੂਹ ਦੇ ਆਧਾਰ ’ਤੇ ਲਕਸ਼ਦੀਪ ਦੇ ਮਿਨੀਕੌਏ ਟਾਪੂ ਨੇੜਿਓਂ ਨਸ਼ੇ ਸਣੇ ਸ੍ਰੀਲੰਕਾ ਦੀਆਂ ਮੱਛੀਆਂ ਫੜਨ ਵਾਲੀਆਂ ਤਿੰਨ ਕਿਸ਼ਤੀਆਂ ਜ਼ਬਤ ਕੀਤੀਆਂ ਹਨ। ਕਿਸ਼ਤੀਆਂ ’ਚ ਅਣਅਧਿਕਾਰਤ ਸੰਚਾਰ ਸਾਧਨ ਵੀ ਸਨ। ਸਬੰਧਤ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਤੱਟ ਰੱਖਿਅਕ ਜਹਾਜ਼ ‘ਵਰਾਹਾ’ ਵੱਲੋਂ 5 ਮਾਰਚ ਨੂੰ ਮਿਨਕੌਏ ਨੇੜੇ ਭਾਰਤੀ ਪਾਣੀਆਂ ਵਿੱਚ ਸ਼ੱਕੀ ਹਾਲਤ ’ਚ ਘੁੰਮ ਰਹੀਆਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ, ਜਿਨ੍ਹਾਂ ਵਿੱਚ ਅਮਲੇ ਦੇ 19 ਮੈਂਬਰ ਸਵਾਰ ਸਨ, ਨੂੰ ਰੋਕਿਆ ਗਿਆ।
ਰੱਖਿਆ ਬਲਾਂ ਵੱਲੋਂ ਜਾਰੀ ਬਿਆਨ ਮੁਤਾਬਕ ਤੱਟ ਰੱਖਿਅਕਾਂ ਨੇ ਕਿਸ਼ਤੀਆਂ ’ਚ ਜਾ ਦੇਖਿਆਂ ਤਾਂ ਕਿਸ਼ਤੀਆਂ ’ਚ ਅਣਅਧਿਕਾਰਤ ਸੰਚਾਰ ਉਪਕਰਨ ਲੱਗੇ ਸਨ ਅਤੇ ਉਨ੍ਹਾਂ ਵਿੱਚ ਨਸ਼ਾ ਲਿਜਾਇਆ ਜਾ ਰਿਹਾ ਸੀ। ਇਹ ਦੱਸਿਆ ਗਿਆ ਕਿ ਅੱਜ ਕਿਸ਼ਤੀਆਂ ਵਿਜ਼ਿਨਜਾਮ (ਤਿਰੂਵਨੰਤਪੁਰਮ) ਲਿਆਂਦੀਆਂ ਗਈਆਂ, ਜਿੱਥੇ ਸਾਰੀਆਂ ਸਬੰਧਤ ਸੁਰੱਖਿਆ ਏਜੰਸੀਆਂ ਵੱਲੋਂ ਪੁੱਛ-ਪੱੜਤਾਲ ਕੀਤੀ ਜਾਵੇਗੀ। ਜ਼ਬਤ ਕੀਤੀਆਂ ਗਈਆਂ ਕਿਸ਼ਤੀਆਂ ਵਿੱਚੋਂ ਇੱਕ ਦੇ ਕੈਪਟਨ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਪੱਛਮੀ ਲਕਸ਼ਦੀਪ ਨੇੜੇ ਪਾਕਿਸਤਾਨ ਦੀ ਇੱਕ ਕਿਸ਼ਤੀ ਤੋਂ 200 ਕਿੱਲੋ ਹੈਰੋਇਨ ਅਤੇ 60 ਕਿੱਲੋ ਚਰਸ ਲਈ ਸੀ। ਸਾਰੇ ਨਸ਼ੀਲੇ ਪਦਾਰਥ ਪੰਜ ਪੈਕਟਾਂ ’ਚ ਬੰਦ ਸਨ, ਜੋ ਉਨ੍ਹਾਂ ਨੇ ਤੱਟ ਰੱਖਿਅਕਾਂ ਦੇ ਜਹਾਜ਼ ਨੂੰ ਦੇਖ ਕੇ ਪਾਣੀ ’ਚ ਸੁੱਟ ਦਿੱਤੇ। ਤੱਟ ਰੱਖਿਅਕਾਂ ਵੱਲੋਂ ਘੇਰੇ ਜਾਣ ਮਗਰੋਂ ਉਨ੍ਹਾਂ ਨੇ ਮੁੱਖ ਅਪਰੇਟਰ ਨਾਲ ਤਾਲਮੇਲ ਲਈ ਵਰਤਿਆ ਜਾ ਰਿਹਾ ਸੈੱਟ ਵੀ ਪਾਣੀ ਵਿੱਚ ਸੁੱਟ ਦਿੱਤਾ। -ਪੀਟੀਆਈ