ਸ੍ਰੀਨਗਰ, 11 ਮਈ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਲਸ਼ਕਰ-ਏ- ਤੋਇਬਾ ਦੇ ਤਿੰਨ ਅਤਿਵਾਦੀ ਮਾਰੇ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਕੋਮੇਰਨਾਗ ਦੇ ਵਾਇਲੂ ਖੇਤਰ ਵਿੱਚ ਅਤਿਵਾਦੀਆਂ ਦੇ ਛੁਪੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਅਤਿਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆਂ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਬਲਾਂ ਨੇ ਗੋਲੀਬਾਰੀ ਦੌਰਾਨ ਫਸੇ ਸਾਰੇ ਆਮ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਤਕ ਕਾਰਵਾਈ ਰੋਕੀ ਰੱਖੀ। ਇਸ ਮਗਰੋਂ ਸੁਰੱਖਿਆ ਦਸਤਿਆਂ ਨੇ ਅਤਿਵਾਦੀਆਂ ਨੂੰ ਮਾਰ ਮੁਕਾਇਆ। ਘਟਨਾ ਸਥਾਨ ਤੋਂ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮਾਰੇ ਗਏ ਅਤਿਵਾਦੀਆਂ ਦੀ ਪਛਾਣ ਇਲਿਆਸ ਅਹਿਮਦ ਡਾਰ ਉਰਫ਼ ਸਮੀਰ, ਉਬੈਦ ਸ਼ਫ਼ੀ ਉਰਫ਼ ਅਬਦੁੱਲਾ ਅਤੇ ਆਕਬਿ ਅਹਿਮਦ ਲੋਨ ਉਰਫ਼ ਸਾਹਿਲ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਰਿਕਾਰਡ ਅਨੁਸਾਰ ਮਾਰੇ ਗਏ ਸਾਰੇ ਅਤਿਵਾਦੀ ਪਾਬੰਦੀਸ਼ੁਦਾ ਸੰਗਠਨ ਲਸ਼ਕਰ ਨਾਲ ਸਬੰਧਤ ਸਨ ਅਤੇ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ। -ਪੀਟੀਆਈ