ਗੁਰਦੀਪ ਸਿੰਘ ਭੱਟੀ
ਟੋਹਾਣਾ, 22 ਦਸੰਬਰ
ਪਿੰਡ ਧਨੌਰੀ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਵੱਲੋਂ ਸਮੂਹਿਕ ਤੌਰ ’ਤੇ ਫਾਹੇ ਲਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਸੂਚਨਾ ਮਿਲਦਿਆਂ ਹੀ ਥਾਣਾ ਗੜ੍ਹੀ ਦੇ ਐੱਸਐੱਚਓ ਪਵਨ ਕੁਮਾਰ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਲਾਸ਼ਾਂ ਕਬਜ਼ੇ ਵਿੱਚ ਲਈਆਂ। ਮ੍ਰਿਤਕਾਂ ਵਿੱਚ ਓਮ ਪ੍ਰਕਾਸ਼ (48), ਪਤਨੀ ਕਮਲੇਸ਼ (45) ਅਤੇ ਪੁੱਤਰ ਸੋਨੂੰ (20) ਦੇ ਨਾਂ ਸ਼ਾਮਲ ਹਨ। ਜਾਣਕਾਰੀ ਮੁਤਾਬਕ 30 ਦਿਨ ਪਹਿਲਾਂ ਓਮ ਪ੍ਰਕਾਸ਼ ਦੇ ਵੱਡੇ ਭਰਾ ਬਲਰਾਜ ਦੀ ਖੇਤ ਵਿੱਚ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋਣ ਕਾਰਨ ਪਰਿਵਾਰ ਸਦਮੇ ਵਿੱਚ ਸੀ। ਪੁਲੀਸ ਵਾਰਦਾਤ ਨੂੰ ਸ਼ਰੀਕੇ ਵਿੱਚ ਹੋਏ ਇੱਕ ਕਤਲ ਨਾਲ ਜੋੜਕੇ ਵੇਖ ਰਹੀ ਹੈ। ਪੁਲੀਸ ਨੂੰ ਸੋਨੂੰ ਦੀ ਜੇਬ ਵਿੱਚੋਂ ਖ਼ੁਦਕੁਸ਼ੀ ਨੋਟ ਮਿਲਿਆ ਹੈ ਜਿਸ ਮੁਤਾਬਕ ਪਰਿਵਾਰ ਕਾਫ਼ੀ ਖੌਫ਼ਜਦਾ ਸੀ। ਉਨ੍ਹਾਂ ਸ਼ਰੀਕੇ ਵਿੱਚ ਹੋਏ ਕਤਲ ਤੋਂ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਪੁਲੀਸ ਮੁਤਾਬਕ ਨੰਨ੍ਹਾ ਨਾਂ ਦੇ ਇੱਕ ਵਿਅਕਤੀ ਦੀ ਲਾਸ਼ ਕੁਝ ਦਿਨ ਪਹਿਲਾਂ ਹੰਸਡੇਅਰ ਡਰੇਨ ’ਚੋਂ ਮਿਲੀ ਸੀ। ਪੁਲੀਸ ਅਣਪਛਾਤੇ ਕਾਤਲਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਕਰ ਰਹੀ ਸੀ। ਪਿੰਡ ਤੇ ਗਲੀ ਦੇ ਪਰਿਵਾਰ ਓਮ ਪ੍ਰਕਾਸ਼ ਵੱਲ ਕਥਿਤ ਤੌਰ ’ਤੇ ਇਸ਼ਾਰਾ ਕਰਦੇ ਸਨ। ਬਰਾਮਦ ਹੋਏ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਗਿਆ ਹੈ ਕਿ ‘ਨੰਨ੍ਹੇ ਦੀ ਮੌਤ ਵਿੱਚ ਪਰਿਵਾਰ ਦਾ ਕੋਈ ਹੱਥ ਨਹੀਂ ਸੀ ਤੇ ਮ੍ਰਿਤਕ ਨੰਨ੍ਹੇ ਦੀ ਵਹੁਟੀ ਮੇਵਾ, ਕਾਲਾ, ਮੁੰਨੀ, ਮੁੰਨੀ ਦਾ ਲੜਕਾ, ਕਾਲੇ ਦਾ ਲੜਕਾ, ਭੀਮ ਦੇ ਦੋਵੇਂ ਲੜਕੀਆਂ ਦੀ ਮਾਰਕੁੱਟ ਦਾ ਵੀਡੀਓ ਉਸਦੇ ਕੈਮਰੇ ਵਿੱਚ ਰਿਕਾਰਡ ਹੈ ਤੇ ਉਹ ਬੇਦੋਸ਼ੇ ਹਨ। ਉਨ੍ਹਾਂ ਦੀ ਮੌਤ ਲਈ ਗਲੀ ਵਾਲੇ ਤੇ ਉਪਰੋਕਤ ਪਰਿਵਾਰ ਜ਼ਿੰਮੇਵਾਰ ਹੈ ਜੋ ਸੱਚ ਦੀ ਗਵਾਹੀ ਨਹੀਂ ਭਰ ਰਹੇ।’ ਖ਼ੁਦਕੁਸ਼ੀ ਨੋਟ ਮੁਤਾਬਕ ਕਾਲੇ ਦਾ ਲੜਕਾ ਸ਼ਰਾਬ ਪੀ ਕੇ ਵਾਰਦਾਤ ਵਾਲੀ ਰਾਤ ਤੋਂ ਪਹਿਲਾਂ ਉਨ੍ਹਾਂ ਦੀ ਗਲੀ ਵਿੱਚ ਆਇਆ ਸੀ ਤੇ ਉਸ ਨੇ ਗਾਲੀ-ਗਲੋਚ ਕੀਤਾ।