ਸ੍ਰੀਨਗਰ: ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਦੋ ਵੱਖ ਵੱਖ ਕਾਰਵਾਈਆਂ ਦੌਰਾਨ ਤਿੰਨ ਮਸ਼ਕੂਕ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰੱਖਿਆ ਬੁਲਾਰੇ ਨੇ ਦੱਸਿਆ ਕਿ ਚੱਕ ਕੇਲਰ ਇਲਾਕੇ ਵਿੱਚ ਦੋ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਮਗਰੋਂ ਉਨ੍ਹਾਂ ਐਤਵਾਰ ਸ਼ਾਮ ਇਲਾਕੇ ਵਿੱਚ ਨਾਕਾ ਲਾਇਆ। ਇਸ ਦੌਰਾਨ ਸ਼ਾਮ ਅੱਠ ਵਜੇ ਦੇ ਕਰੀਬ ਜਦੋਂ ਇੱਕ ਵਾਹਨ ਨੂੰ ਰੋਕਿਆ ਗਿਆ ਤਾਂ ਉਸ ਵਿੱਚ ਸਵਾਰ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਤੁਰੰਤ ਉਨ੍ਹਾਂ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੌਹਰ ਮਨਜ਼ੂਰ ਅਤੇ ਆਕਬਿ ਹੁਸੈਨ ਨੰਦਾ ਵਜੋਂ ਹੋਈ ਹੈ। ਇਹ ਦੋਵੇਂ ਪੁਲਵਾਮਾ ਦੇ ਰਹਿਣ ਵਾਲੇ ਹਨ। ਇਸੇ ਤਰ੍ਹਾਂ ਸ਼ੋਪੀਆਂ ਦੇ ਮੋਹੰਦਪੁਰ ਤੋਂ ਵੀ ਸੁਰੱਖਿਆ ਬਲਾਂ ਵੱਲੋਂ ਇੱਕ ਮਸ਼ਕੂਕ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਇੱਕ ਪਿਸਤੌਲ ਅਤੇ ਹੋਰ ਸਮੱਗਰੀ ਬਰਾਮਦ ਹੋਈ ਹੈ। -ਪੀਟੀਆਈ