ਸ੍ਰੀਨਗਰ, 30 ਅਗਸਤ
ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਲਸ਼ਕਰ ਏ ਤਈਬਾ ਦੇ ਤਿੰਨ ਸਥਾਨਕ ਦਹਿਸ਼ਤਗਰਦ ਮਾਰੇ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਪੀਆਂ ਦੇ ਨਾਗਬਲ ਇਲਾਕੇ ਵਿੱਚ ਦਹਿਸ਼ਤਗਰਦਾਂ ਦੇ ਛਿਪੇ ਹੋਣ ਦੀ ਸੂਚਨਾ ਮਿਲੀ, ਜਿਸ ਮਗਰੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਹੋਏ ਮੁਕਾਬਲੇ ਵਿੱਚ ਤਿੰਨ ਦਹਿਸ਼ਤਗਰਦ ਮਾਰੇ ਗਏ। ਪੁਲੀਸ ਬੁਲਾਰੇ ਅਨੁਸਾਰ ਹਾਲੇ ਤਲਾਸ਼ੀ ਮੁਹਿੰਮ ਜਾਰੀ ਹੈ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਦਾਨਿਸ਼ ਖੁਰਸ਼ੀਦ ਭੱਟ, ਤਨਵੀਰ ਵਾਨੀ ਅਤੇ ਤੌਸੀਫ ਭੱਟ ਵਜੋਂ ਹੋਈ ਹੈ। ਇਹ ਕਈ ਦਹਿਸ਼ਤੀ ਵਾਰਦਾਤਾਂ ਵਿੱਚ ਸ਼ਾਮਲ ਸਨ। ਦਹਿਸ਼ਤਗਰਦ ਦਾਨਿਸ਼ ਸ਼ੋਪੀਆਂ ਵਿੱਚ ਨੌਜਵਾਨਾਂ ਨੂੰ ਦਹਿਸ਼ਗਰਦ ਬਣਨ ਲਈ ਪ੍ਰੇਰਦਾ ਸੀ। -ਏਜੰਸੀ