ਨਵੀਂ ਦਿੱਲੀ, 11 ਮਾਰਚ
ਪੋਲੈਂਡ ਤੋਂ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਤਿੰਨ ਉਡਾਣਾਂ ਦਿੱਲੀ ਪੁੱਜੀਆਂ ਹਨ। ਪੋਲੈਂਡ ਦੇ ਰਜ਼ੇਜ਼ੋ ਤੋਂ 240 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਇੱਕ ਉਡਾਣ ਅੱਜ ਸਵੇਰੇ ਦਿੱਲੀ ਪਹੁੰਚੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਜ਼ੇਜ਼ੋ ਤੋਂ ਵੀਰਵਾਰ ਰਾਤ ਲਗਪਗ 11.30 ਵਜੇ (ਭਾਰਤੀ ਸਮੇਂ ਮੁਤਾਬਕ) ਰਵਾਨਾ ਹੋਈ ਉਡਾਣ ਅੱਜ ਤੜਕੇ 5.45 ਵਜੇ ਦਿੱਲੀ ਪਹੁੰਚੀ ਹੈ। ਯੂਕਰੇਨ ਦੇ ਸੂਮੀ ਵਿੱਚੋਂ ਬਚਾਏ 600 ਵਿਦਿਆਰਥੀਆਂ ਦੇ ਆਖਰੀ ਵੱਡੇ ਗਰੁੱਪ ਨੂੰ ਅਪਰੇਸ਼ਨ ਗੰਗਾ ਤਹਿਤ ਵਾਪਸ ਲਿਆਉਣ ਲਈ ਤਿੰਨ ਉਡਾਣਾਂ ਪੋਲੈਂਡ ਭੇਜੀਆਂ ਗਈਆਂ ਸਨ। ਇਸੇ ਦੌਰਾਨ ਭਾਰਤੀ ਹਵਾਈ ਫ਼ੌਜ ਅਤੇ ਇੰਡੀਗੋ ਦੀਆਂ ਉਡਾਣਾਂ ਵੀ ਰਜ਼ੇਜ਼ੋ ਤੋਂ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਅੱਜ ਬਾਅਦ ਦੁਪਹਿਰ ਦਿੱਲੀ ਪਹੁੰਚੀਆਂ ਹਨ। ਅਧਿਕਾਰੀਆਂ ਮੁਤਾਬਕ ਭਾਰਤੀ ਹਵਾਈ ਫੌਜ ਦੀ ਉਡਾਣ ਦੁਪਹਿਰ 12.15 ਵਜੇ ਹਿੰਡਨ ਏਅਰਬੇਸ ਅਤੇ ਜਦਕਿ ਇੰਡੀਗੋ ਦੀ ਉਡਾਣ 12.20 ਵਜੇ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉੱਤਰੀ। ਹਵਾਈ ਫੌਜ ਦੀ ਉਡਾਣ ਰਾਹੀਂ 213 ਭਾਰਤੀਆਂ ਨੂੰ ਲੈ ਕੇ ਹਿੰਡੋਨ ਏਅਰਬੇਸ ’ਤੇ ਪਹੁੰਚੀ ਹੈ। ਇਸੇ ਦੌਰਾਨ ਭਾਰਤੀ ਵਿਦਿਆਰਥੀਆਂ ਨੇ, ਜਿਹੜੇ ਕਿ ਉੱਤਰ-ਪੂਰਬੀ ਯੂਕਰੇਨ ਦੇ ਸੂਮੀ ਵਿੱਚ ਫਸ ਗਏ ਸਨ, ਦਿੱਲੀ ਪਹੁੰਚਣ ’ਤੇ ਕਿਹਾ ਕਿ ਜੰਗ ਵਿੱਚੋਂ ਬਚ ਕੇ ਨਿਕਲ ਆਉਣਾ ਇੱਕ ਚਮਤਕਾਰ ਹੈ ਅਤੇ ਹੁਣ ਅੰਤ ਵਿੱਚ ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਰਾਹਤ ਮਿਲੀ ਹੈ। ਸੂਮੀ ਸਟੇਟ ਯੂਨੀਵਰਸਿਟੀ ’ਚ ਮੈਡੀਕਲ ਵਿਦਿਆਰਥੀ ਧੀਰਜ ਕੁਮਾਰ ਨੇ ਕਿਹਾ ਕਿ ਹਵਾਈ ਅੱਡੇ ’ਤੇ ਆਪਣੇ ਮਾਪਿਆਂ ਨੂੰ ਦੇਖ ਕੇ ਉਸ ਨੂੰ ਖੁਸ਼ੀ ਹੋਈ ਹੈ। ਉਸ ਨੇ ਕਿਹਾ, ‘‘ਸਾਨੂੰ ਸੂਮੀ ਵਿੱਚ ਗ਼ੈਰ-ਸਧਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜੰਗ ਵਿੱਚ 13 ਦਿਨਾਂ ਤੱਕ ਬਚ ਕੇ ਰਹਿਣਾ ਬਹੁਤ ਡਰਾਉਣਾ ਤਜਰਬਾ ਸੀ। ਮੇਰੇ ਲਈ ਜ਼ਿੰਦਾ ਦੇਸ਼ ਪਰਤਣਾ ਇੱਕ ਚਮਤਕਾਰ ਵਾਂਗ ਹੈ।’’ -ਪੀਟੀਆਈ
ਸੁਰੱਖਿਆ ਦੇ ਮੱਦੇਨਜ਼ਰ ਭਾਰਤੀ ਵਿਦਿਆਰਥੀਆਂ ਦੇ ਰੂਸ ਛੱਡਣ ਦਾ ਕੋਈ ਕਾਰਨ ਨਹੀਂ: ਭਾਰਤੀ ਸਫ਼ਾਰਤਖ਼ਾਨਾ
ਨਵੀਂ ਦਿੱਲੀ: ਮਾਸਕੋ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਯੂਕਰੇਨ ਸੰਕਟ ਦੌਰਾਨ ਕਿਹਾ ਹੈ ਕਿ ਉਸ ਨੂੰ ਇਸ ਸਮੇਂ ਇੱਥੇ ਕੋਈ ਸੁਰੱਖਿਆ ਖ਼ਤਰਾ ਨਜ਼ਰ ਨਹੀਂ ਆ ਰਿਹਾ, ਜਿਸ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਰੂਸ ਛੱਡ ਕੇ ਜਾਣ ਦੀ ਲੋੜ ਪਵੇ। ਸਫਾਰਤਖ਼ਾਨੇ ਨੇ ਕਿਹਾ ਕਿ ਰੂਸ ਤੋਂ ਭਾਰਤ ਲਈ ਸਿੱਧੀਆਂ ਉਡਾਣਾਂ ਅਤੇ ਰੂਸੀ ਬੈਂਕਿੰਗ ਸੇਵਾਵਾਂ ਵਿੱਚ ਕੁਝ ਰੁਕਾਵਟਾਂ ਆ ਰਹੀਆਂ ਹਨ, ਅਤੇ ਜੇਕਰ ਇਸ ਸਬੰਧੀ ਉਨ੍ਹਾਂ ਨੂੰ ਕੋਈ ਚਿੰਤਾ ਹੈ ਅਤੇ ਉਸ ਇਸ ਕਾਰਨ ਭਾਰਤ ਮੁੜਨਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ। ਅੰਬੈਸੀ ਵੱਲੋਂ ‘ਰੂਸ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਲਈ ਦਿਸ਼ਾ ਨਿਰਦੇਸ਼’ ਸਿਰਲੇਖ ਹੇਠ ਇੱਕ ਸੰਖੇਪ ਨੋਟ ਜਾਰੀ ਕੀਤਾ ਗਿਆ ਹੈ। ਸਫ਼ਾਰਤਖਾਨੇ ਮੁਤਾਬਕ ਉਸ ਨੂੰ ਰੂਸ ਦੀਆਂ ਯੂਨੀਵਰਸਿਟੀਆਂ ’ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਵੱਲੋਂ ਰੂਸ ਵਿੱਚ ਰੁਕਣ ਬਾਰੇ ਸਲਾਹ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਸਫ਼ਾਰਤਖਾਨਾ ਸਾਰੇ ਵਿਦਿਆਰਥੀਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਇਸ ਸਮੇਂ ਉਨ੍ਹਾਂ ਦੇ ਦੇਸ਼ (ਰੂਸ) ਛੱਡ ਕੇ ਜਾਣ ਲਈ ਕੋਈ ਵੀ ਕਾਰਨ ਨਜ਼ਰ ਨਹੀਂ ਆ ਰਿਹਾ ਹੈ। ਵਿਦਿਆਰਥੀਆਂ ਸਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਅੰਬੈਸੀ ਸਬੰਧਤ ਅਥਾਰਟੀ ਨਾਲ ਲਗਾਤਾਰ ਸੰਪਰਕ ਵਿੱਚ ਹੈ।’’ -ਪੀਟੀਆਈ
ਅਪਰੇਸ਼ਨ ਗੰਗਾ: ਭਾਰਤ ਵੱਲੋਂ ਰੂਸ, ਯੂਕਰੇਨ ਅਤੇ ਰੈੱਡ ਕਰਾਸ ਦਾ ਧੰਨਵਾਦ
ਨਵੀਂ ਦਿੱਲੀ: ਰੂਸ ਤੇ ਯੂਕਰੇਨ ਵਿਚਾਲੇ ਜੰਗ ਦੌਰਾਨ ਯੂਕਰੇਨ ਦੇ ਸ਼ਹਿਰਾਂ ਵਿੱਚੋਂ ਭਾਰਤੀ ਨਾਗਰਿਕਾਂ ਬਚਾ ਕੇ ਕੱਢਣ ਵਿੱਚ ਮਦਦ ਲਈ ਭਾਰਤ ਨੇ ਰੂਸ, ਯੂਕਰੇਨ ਅਤੇ ਰੈੱਡ ਕਰਾਸ ਦਾ ਧੰਨਵਾਦ ਕੀਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵਿੱਟਰ ’ਤੇ ਇੱਕ ਪੋਸਟ ਵਿੱਚ ਵਿਸ਼ੇਸ਼ ਤੌਰ ’ਤੇ ਉੱਤਰ-ਪੂਰਬੀ ਸੂਮੀ ਵਿਚੋਂ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਦਾ ਜ਼ਿਕਰ ਕੀਤਾ, ਜਿਹੜਾ ‘ਬੇਹੱਦ ਚੁਣੌਤੀਪੂਰਨ’ ਸੀ। ਉਨ੍ਹਾਂ ਨੇ ਆਪਰੇਸ਼ਨ ਗੰਗਾ ਤਹਿਤ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਯੂਕਰੇਨ ਦੇ ਗੁਆਂਢੀ ਮੁਲਕਾਂ ਰੋਮਾਨੀਆ, ਹੰਗਰੀ, ਪੋਲੈਂਡ, ਸਲੋਵਾਕੀਆ ਅਤੇ ਮੋਲਡੋਵਾ ਵੱਲੋਂ ਮਿਲੇ ‘ਬੇਮਿਸਾਲ ਸਹਿਯੋਗ’ ਲਈ ਵੀ ਧੰਨਵਾਦ ਕੀਤਾ। ਜੈਸ਼ਕਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ’ਤੇ ਸ਼ੁਰੂ ਕੀਤੇ ਗਏ ‘ਅਪਰੇਸ਼ਨ ਗੰਗਾ’ ਨੇ ਅਗਵਾਈ ਅਤੇ ਵਚਨਬੱਧਤਾ ਨੂੰ ਦਰਸਾਇਆ ਅਤੇ ‘‘ਅਸੀਂ ਉਦੇਸ਼ ਦੀ ਪੂਰਤੀ ਵਿੱਚ ਸਹਿਯੋਗ ਲਈ ਸਾਰਿਆਂ, ਖਾਸਕਰ ਰੂਸ, ਯੂਕਰੇਨ ਅਤੇ ਰੈੱਡ ਕਰਾਸ ਦਾ ਧੰਨਵਾਦ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਅਸੀਂ ਗ਼ੈਰ ਸਰਕਾਰੀ ਸੰਗਠਨਾਂ, ਵਿਅਕਤੀਗਤ ਵਾਲੰਟੀਅਰਾਂ, ਕਾਰਪੋਰੇਟ, ਦੇਸ਼ ਦੀਆਂ ਹਵਾਈ ਕੰਪਨੀਆਂ ਅਤੇ ਭਾਰਤੀ ਹਵਾਈ ਫੌਜ ਵੱਲੋਂ ਇਸ ਲਈ ਕੀਤੇ ਅਣਥੱਕ ਕੰਮ ਲਈ ਧੰਨਵਾਦੀ ਹਾਂ।’’ -ਪੀਟੀਆਈ