ਭੋਪਾਲ, 7 ਮਈ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਇੱਕ ਮੈਂਬਰ ਨੇ ਅੱਜ ਕਿਹਾ ਕਿ ਦੇਸ਼ ਵਿੱਚ ਤੁਰੰਤ ਜ਼ੁਬਾਨੀ ਤਲਾਕ ਦੇਣ ਖ਼ਿਲਾਫ਼ ਕਾਨੂੰਨ ਬਣਨ ਮਗਰੋਂ ਤਿੰਨ ਤਲਾਕ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਸ਼ਨ ਦੀ ਮੈਂਬਰ ਸਈਦ ਸ਼ਹਿਜ਼ਾਦੀ ਨੇ ਕਿਹਾ ਕਿ ਉਸ ਨੇ ਤਿੰਨ ਤਲਾਕ ਦੇ ਮੁੱਦੇ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਮੁਸਲਿਮ ਔਰਤਾਂ ਨਾਲ ਗੱਲਬਾਤ ਕੀਤੀ ਹੈ। ਸ਼ਹਿਜ਼ਾਦੀ ਨੇ ਕਿਹਾ, ‘‘ਮੈਂ ਤਿੰਨ ਤਲਾਕ ਅਤੇ ਹੋਰ ਮੁੱਦਿਆਂ ਸਬੰਧੀ ਮੁਸਲਿਮ ਔਰਤਾਂ ਨਾਲ ਗੱਲਬਾਤ ਕੀਤੀ ਹੈ। ਕਾਨੂੰਨ ਬਣਨ ਮਗਰੋਂ ਤਿੰਨ ਤਲਾਕ ਦੇ ਕੇਸਾਂ ਵਿੱਚ ਕਮੀ ਆਈ ਹੈ।’’ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੋ ਸਾਲ ਪਹਿਲਾਂ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਰਾਮਨੌਮੀ ਯਾਤਰਾ ਮੌਕੇ ਪਿਛਲੇ ਮਹੀਨੇ ਖਰਗੋਨ ਵਿੱਚ ਹੋਏ ਫ਼ਿਰਕੂ ਦੰਗਿਆਂ ਬਾਰੇ ਪੁੱਛਣ ’ਤੇ ਸ਼ਹਿਜ਼ਾਦੀ ਨੇ ਕਿਹਾ ਕਿ ਕਮਿਸ਼ਨ ਨੇ ਇਸ ਮਾਮਲੇ ਸਬੰਧੀ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ। -ਪੀਟੀਆਈ