ਨਵੀਂ ਦਿੱਲੀ: ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਦੀ ਰਿਹਾਇਸ਼ ’ਤੇ ਇਸ ਵਰ੍ਹੇ ਫਰਵਰੀ ਮਹੀਨੇ ਸੁਰੱਖਿਆ ਵਿੱਚ ਕੋਤਾਹੀ ਹੋਣ ਦੇ ਮਾਮਲੇ ਵਿੱਚ ਸੀਆਈਐੱਸਐੱਫ ਦੇ ਤਿੰਨ ਕਮਾਂਡੋਜ਼ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਜਦਕਿ ਬਲ ਦੇ ਵੀਆਈਪੀ ਸੁਰੱਖਿਆ ਯੂਨਿਟ ਦੇ ਦੋ ਸੀਨੀਅਰ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਡੋਵਾਲ ਨੂੰ ਕੇਂਦਰੀ ਵੀਆਈਪੀ ਸੁਰੱਖਿਆ ਸ਼੍ਰੇਣੀ ਤਹਿਤ ‘ਜ਼ੈੱਡ ਪਲੱਸ’ ਸੁਰੱਖਿਆ ਮਿਲੀ ਹੋਈ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਛੱਤਰੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਐੱਸਐੱਸਜੀ ਯੂੁਨਿਟ ਵੱਲੋਂ ਮੁਹੱਈਆ ਕਰਵਾਈ ਗਈ ਹੈ। ਇਹ ਕਾਰਵਾਈ ਸੀਆਈਐੱਸਐੱਫ ਵੱਲੋਂ ਕਾਇਮ ਕੋਰਟ ਆਫ ਇਨਕੁਆਇਰੀ ਵੱਲੋੋਂ 16 ਫਰਵਰੀ ਨੂੰ ਵਾਪਰੀ ਘਟਨਾ ਲਈ ਪੰਜ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਣ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਸਿਫਾਰਸ਼ ਮਗਰੋਂ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਪੈਸ਼ਲ ਸਕਿਉਰਟੀ ਗਰੁੱਪ (ਐੱਸਐੱਸਜੀ) ਦੇ ਤਿੰਨ ਕਮਾਂਡੋਜ਼ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਵੀਵੀਆਈਪੀ ਸੁਰੱਖਿਆ ਯੂਨਿਟ ਦੇ ਡੀਆਈਜੀ ਅਤੇ ਸੀਨੀਅਰ ਕਮਾਂਡੈਂਟ ਰੈਂਕ ਦੇ ਇੱਕ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਦੱਸਣਯੋਗ ਅਜੀਤ ਡੋਵਾਲ ਦੀ ਕੇਂਦਰੀ ਦਿੱਲੀ ਸਥਿਤ ਰਿਹਾਇਸ਼ ’ਤੇ ਸੁਰੱਖਿਆ ’ਚ ਕੋਤਾਹੀ ਦੀ ਘਟਨਾ 16 ਫਰਵਰੀ ਨੂੰ ਸਵੇਰੇ 7.30 ਵਜੇ ਵਾਪਰੀ ਸੀ ਜਦੋਂ ਬੰਗਲੂਰੂ ਵਾਸੀ ਇੱਕ ਵਿਅਕਤੀ ਨੇ ਕਾਰ ਲੈ ਕੇ ਰਿਹਾਇਸ਼ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਵਿਅਕਤੀ ਨੂੰ ਰਿਹਾਇਸ਼ ਦੇ ਬਾਹਰ ਰੋਕ ਲਿਆ ਗਿਆ ਸੀ ਅਤੇ ਦਿੱਲੀ ਪੁਲੀਸ ਹਵਾਲੇ ਕਰ ਦਿੱਤਾ ਗਿਆ ਸੀ। ਉਕਤ ਤਿੰਨੋਂ ਕਮਾਂਡੋ ਐੱਨਐੱਸਏ ਡੋਵਾਲ ਦੀ ਰਿਹਾਇਸ਼ ਦੀ ਸੁਰੱਖਿਆ ਲਈ ਤਾਇਨਾਤ ਦਸਤੇ ਵਿੱਚ ਸ਼ਾਮਲ ਸਨ। -ਪੀਟੀਆਈ