ਨਵੀਂ ਦਿੱਲੀ (ਪੱਤਰ ਪ੍ਰੇਰਕ): ਵਸੰਤ ਵਿਹਾਰ ਇਲਾਕੇ ਵਿੱਚ ਚੱਲਦੀ ਕਾਰ ’ਚ 16 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਦਿੱਲੀ ਪੁਲੀਸ ਨੇ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪੀੜਤਾ ਦੇ ਗੁਆਂਢ ’ਚ ਹੀ ਰਹਿੰਦੇ ਹਨ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਸੀ। ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਦਿੱਲੀ ਪੁਲੀਸ ਨੇ ਦੱਸਿਆ ਕਿ ਇਹ ਘਟਨਾ 6 ਜੁਲਾਈ ਨੂੰ ਵਾਪਰੀ ਸੀ। ਪੁਲੀਸ ਨੂੰ ਘਟਨਾ ਬਾਰੇ ਹਸਪਤਾਲ ਵੱਲੋਂ ਦੱਸਿਆ ਗਿਆ ਜਿੱਥੇ ਲੜਕੀ ਦਾ ਇਲਾਜ ਕੀਤਾ ਜਾ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਐੱਸਜੇ ਹਸਪਤਾਲ ਨੂੰ 8 ਜੁਲਾਈ ਨੂੰ 4 ਵਜੇ ਤੜਕੇ ਨਾਬਾਲਗ ਨਾਲ ਵਾਪਰੀ ਘਟਨਾ ਦੀ ਸੂਚਨਾ ਮਿਲੀ ਸੀ। ਪੁਲੀਸ ਨੇ ਦੱਸਿਆ ਕਿ ਪੀੜਤ ਲੜਕੀ ਦੇ ਸਰੀਰ ’ਤੇ ਕਿਸੇ ਸੱਟ ਜਾਂ ਕੋਈ ਨਿਸ਼ਾਨ ਨਹੀਂ ਹੈ ਅਤੇ ਉਨ੍ਹਾਂ ਵੱਲੋਂ ਘਟਨਾ ਦੀ ਜਾਂਚ ਹਰ ਪੱਖ ਤੋਂ ਕੀਤੀ ਜਾ ਰਹੀ ਹੈ।