ਹੈਦਰਾਬਾਦ (ਤਿਲੰਗਾਨਾ), 27 ਅਕਤੂਬਰ
ਮੁੱਖ ਅੰਸ਼
- ਭਾਜਪਾ ’ਚ ਸ਼ਾਮਲ ਹੋਣ ਲਈ 100 ਕਰੋੜ ਰੁਪਏ
- ਸਰਕਾਰੀ ਠੇਕੇ ਤੇ ਹੋਰ ਫਾਇਦੇ ਦੇਣ ਦੀ ਕੀਤੀ ਪੇਸ਼ਕਸ਼
ਮੁਨੁਗੋਡੇ ਜ਼ਿਮਨੀ ਚੋਣ ਤੋਂ ਪਹਿਲਾਂ ਸਾਈਬਰਾਬਾਦ ਪੁਲੀਸ ਨੇ ਬੁੱਧਵਾਰ ਦੇਰ ਰਾਤ ਨੂੰ ਹੈਦਰਾਬਾਦ ਦੇ ਬਾਹਰਵਾਰ ਤਿਲੰਗਾਨਾ ਦੇ ਰੰਗਾ ਰੈੱਡੀ ਜ਼ਿਲ੍ਹੇ ਵਿਚਲੇ ਫਾਰਮ ਹਾਊਸ ’ਤੇ ਮਾਰੇ ਛਾਪੇ ਦੌਰਾਨ ਸੱਤਾਧਾਰੀ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਵਿਧਾਇਕਾਂ ਦੀ ਕਥਿਤ ਖ਼ਰੀਦੋ ਫਰੋਖ਼ਤ ਕਰ ਰਹੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਮੁਤਾਬਕ ਇਨ੍ਹਾਂ ਵਿਅਕਤੀਆਂ ਨੇ ਟੀਆਰਐੱਸ ਵਿਧਾਇਕਾਂ ਨੂੰ 100 ਕਰੋੜ ਰੁਪਏ, ਸਰਕਾਰੀ ਠੇਕੇ ਤੇ ਹੋਰ ਲਾਭ ਦੇਣ ਦੀ ਪੇਸ਼ਕਸ਼ ਕੀਤੀ ਸੀ। ਟੀਆਰਐੱਸ ਵਿਧਾਇਕ ਪਾਇਲਟ ਰੋਹਿਤ ਰੈੱਡੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੋਇਨਾਬਾਦ ਪੁਲੀਸ ਸਟੇਸ਼ਨ ਵਿੱਚ ਆਈਪੀਸੀ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਤਿੰਨ ਮੁਲਜ਼ਮਾਂ ਦੀ ਪਛਾਣ ਰਾਮਚੰਦਰ ਭਾਰਤੀ, ਨੰਦ ਕੁਮਾਰ ਤੇ ਸਿਮਾਹਾਇਆਜੀ ਸਵਾਮੀ ਵਜੋਂ ਹੋਈ ਹੈ।
ਰੈੱਡੀ ਨੇ ਐੱਫਆਈਆਰ ਵਿੱਚ ਦਾਅਵਾ ਕੀਤਾ ਕਿ ਰਾਮਚੰਦਰ ਭਾਰਤੀ, ਜੋ ਦਿੱਲੀ ਤੋਂ ਹੈਦਰਾਬਾਦ ਆਇਆ ਸੀ ਅਤੇ ਹੈਦਰਾਬਾਦ ਦਾ ਨੰਦ ਕੁਮਾਰ, ਜੋ ਭਾਜਪਾ ਨਾਲ ਸਬੰਧਤ ਹਨ, ਨੇ ਉਸ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ 100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਐੱਫਆਈਆਰ ਮੁਤਾਬਕ ਇਨ੍ਹਾਂ ਦੋਵਾਂ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਹ ਟੀਆਰਐੱਸ ਦੇ ਉਮੀਦਵਾਰ ਵਜੋਂ ਚੋਣ ਨਾ ਲੜੇ ਅਤੇ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਵੇ। ਉਨ੍ਹਾਂ ਅਗਲੀ ਚੋਣ ਭਾਜਪਾ ਵੱਲੋਂ ਲੜਨ ਦੀ ਗੱਲ ਵੀ ਆਖੀ ਤੇ ਇਸ ਬਦਲੇ 100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ। ਇਹੀ ਨਹੀਂ ਟੀਆਰਐੱਸ ਵਿਧਾਇਕ ਨੂੰ ਭਾਜਪਾ ਦਾ ਪੱਲਾ ਫੜਨ ਬਦਲੇ ਕੇਂਦਰ ਸਰਕਾਰ ਦੇ ਸਿਵਲ ਕੰਮ ਦਾ ਠੇਕਾ ਤੇ ਹੋਰ ਫਾਇਦੇ ਦਿਵਾਉਣ ਦਾ ਲਾਲਚ ਵੀ ਦਿੱਤਾ ਗਿਆ। ਸ਼ਿਕਾਇਤਕਰਤਾ ਵਿਧਾਇਕ ਰੋਹਿਤ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੂੰ ਕਥਿਤ ਅਪਰਾਧਿਕ ਕੇਸ ਦਰਜ ਕਰਵਾਉਣ ਅਤੇ ਈਡੀ ਤੇ ਸੀਬੀਆਈ ਛਾਪਿਆਂ ਦੀ ਧਮਕੀ ਵੀ ਦਿੱਤੀ ਗਈ। ਰੈੱਡੀ ਨੇ ਕਿਹਾ ਕਿ 26 ਅਕਤੂਬਰ ਨੂੰ ਇਨ੍ਹਾਂ ਵਿਅਕਤੀਆਂ ਨੇ ਉਸ ਨਾਲ ਮੁੜ ਸੰਪਰਕ ਕੀਤਾ ਤੇ ਮੋਇਨਾਬਾਦ ਦੇ ਅਜ਼ੀਜ਼ ਨਗਰ ਸਥਿਤ ਉਸ ਦੇ ਫਾਰਮਹਾਊਸ ਵਿੱਚ ਮਿਲਣ ਦੀ ਗੱਲ ਆਖੀ ਸੀ। ਮੁਲਜ਼ਮਾਂ ਨੇ ਕੁਝ ਹੋਰ ਟੀਆਰਐੱਸ ਵਿਧਾਇਕ ਜੁਟਾਉਣ ਦੀ ਗੱਲ ਆਖਦਿਆਂ ਹਰੇਕ ਨੂੰ 50-50 ਕਰੋੜ ਰੁਪਏ ਦੀ ਵੱਢੀ ਦੇਣ ਦੀ ਵੀ ਪੇਸ਼ਕਸ਼ ਕੀਤੀ। ਟੀਆਰਐੱਸ ਵਿਧਾਇਕਾਂ ਵੱਲੋਂ ਮਿਲੀ ਸੂਚਨਾ ਮਗਰੋਂ ਸਾਈਬਰਾਬਾਦ ਪੁਲੀਸ ਨੇ ਬੁੱਧਵਾਰ ਦੇਰ ਰਾਤ ਨੂੰ ਮਾਰੇ ਛਾਪੇ ਦੌਰਾਨ ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਸਾਈਬਰਾਬਾਦ ਦੇ ਪੁਲੀਸ ਕਮਿਸ਼ਨਰ ਸਟੀਫ਼ਨ ਰਵੀਂਦਰਨ ਨੇ ਕਿਹਾ, ‘‘ਸਾਨੂੰ ਟੀਆਰਐੱਸ ਵਿਧਾਇਕਾਂ ਤੋਂ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਨੂੰ ਪੈਸੇ, ਸਰਕਾਰੀ ਕੰਮਾਂ ਦੇ ਠੇਕਿਆਂ ਅਤੇ ਅਹੁਦਿਆਂ ਦਾ ਲਾਲਚ ਦਿੱਤਾ ਜਾ ਰਿਹੈ। ਅਸੀਂ ਫਾਰਮ ਹਾਊਸ ’ਤੇ ਛਾਪੇਮਾਰੀ ਦੌਰਾਨ ਉਥੇ ਤਿੰਨ ਵਿਅਕਤੀਆਂ ਨੂੰ ਨੋਟਿਸ ਕੀਤਾ। ਅਸੀਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਜਾਰੀ ਹੈ।’’ -ਏਐੱਨਆਈ
ਸਾਰਾ ਡਰਾਮਾ ਮੁੱਖ ਮੰਤਰੀ ਕੇਸੀਆਰ ਦਾ ਰਚਿਆ: ਭਾਜਪਾ
ਹੈਦਰਾਬਾਦ: ਭਾਜਪਾ ਨੇ ਟੀਆਰਐੱਸ ਵਿਧਾਇਕਾਂ ਦੀ ਕਥਿਤ ਖਰੀਦੋ ਫਰੋਖ਼ਤ ਕੀਤੇ ਜਾਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਭਾਜਪਾ ਨੇ ਕਿਹਾ ਕਿ ਇਹ ਪੂਰਾ ਡਰਾਮਾ ਤਿਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖ਼ਰ ਰਾਓ ਵੱਲੋਂ ਘੜਿਆ ਗਿਆ ਹੈ ਕਿਉਂਕਿ ਉਹ ਮੁਨੁਗੋਡੇ ਜ਼ਿਮਨੀ ਚੋਣ ਵਿੱਚ ਹਾਰ ਤੋਂ ਡਰ ਗਏ ਹਨ। ਭਾਜਪਾ ਦੇ ਕੌਮੀ ਉਪ ਪ੍ਰਧਾਨ ਡੀ.ਕੇ.ਅਰੁਣਾ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤੇ ਵਿਅਕਤੀਆਂ ਨਾਲ ਭਾਜਪਾ ਦਾ ਕੋਈ ਲਾਗਾ ਦੇਗਾ ਨਹੀਂ ਹੈ। ਕੇਂਦਰੀ ਸੈਰ-ਸਪਾਟਾ ਤੇ ਸਭਿਆਚਾਰ ਮੰਤਰੀ ਜੀ.ਕਿਸ਼ਨ ਰੈੱਡੀ ਨੇ ਕਿਹਾ ਕਿ ਟੀਆਰਐੱਸ ਨੇ ਭਾਜਪਾ ਨੂੰ ਬਦਨਾਮ ਕਰਨ ਲਈ ਹੀ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦਾ ਡਰਾਮਾ ਰਚਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਇਸ ਕੇਸ ’ਚ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਕੋਲੋਂ ਬਰਾਮਦ ਨਗ਼ਦੀ ਆਦਿ ਜਿਹੀ ਹੋਰ ਵੇਰਵਿਆਂ ਦਾ ਖੁਲਾਸਾ ਕਰੇ। ਕਾਬਿਲੇਗੌਰ ਹੈ ਕਿ ਟੀਆਰਐੱਸ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚੋਂ ਨੰਦ ਕੁਮਾਰ ਕਥਿਤ ਕਿਸ਼ਨ ਰੈੱਡੀ ਦੇ ਨੇੜਲਿਆਂ ’ਚੋਂ ਹੈ। -ਏਐੱਨਆਈ/ਆਈਏਐੱਨਐੱਸ