ਕਾਨਪੁਰ, 13 ਅਗਸਤ
ਸਥਾਨਕ ਪੁਲੀਸ ਨੇ ਇੱਕ ਮੁਸਲਮਾਨ ਰਿਕਸ਼ਾ ਚਾਲਕ ਨਾਲ ਕੁੱਟਮਾਰ ਕਰਨ ਅਤੇ ਉਸ ਨੂੰ ‘ਜੈ ਸ੍ਰੀ ਰਾਮ’ ਬੋਲਣ ਲਈ ਮਜਬੂਰ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਸਬੰਧ ਰੱਖਦਾ ਹੈ। ਇਹ ਘਟਨਾ ਬੁੱਧਵਾਰ ਨੂੰ ਬੱਰਾਹ ਖੇਤਰ ’ਚ ਸਥਿਤ ਕੱਚੀ ਬਸਤੀ ਵਿਖੇ ਵਾਪਰੀ ਹੈ।
ਇਸ ਕੁੱਟਮਾਰ ਸਬੰਧੀ ਇੱਕ ਮਿੰਟ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਹੈ, ਜਿਸ ਵਿੱਚ ਕੁਝ ਵਿਅਕਤੀ 45 ਸਾਲਾ ਅਸਰਾਰ ਅਹਿਮਦ ਦੀ ਕੁੱਟਮਾਰ ਕਰਦੇ ਹੋਏ ਅਤੇ ‘ਜੈ ਸ੍ਰੀ ਰਾਮ’ ਬੋਲਣ ਲਈ ਮਜਬੂਰ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਅਹਿਮਦ ਦੀ ਬੇਟੀ ਵੀ ਉਸ ਨੂੰ ਬਚਾਊਣ ਦਾ ਯਤਨ ਕਰਦੀ ਦਿਖ ਰਹੀ ਹੈ। ਜੋ ਰੋਂਦੀ ਹੋਈ ਹਮਲਾਵਰਾਂ ਨੂੰ ਕਹਿ ਰਹੀ ਹੈ ਕਿ ਉਹ ਉਸ ਦੇ ਪਿਤਾ ਨੂੰ ਨਾ ਮਾਰਨ।
ਕਾਨਪੁਰ ਦੇ ਪੁਲੀਸ ਕਮਿਸ਼ਨਰ ਅਸੀਮ ਅਰੁਣ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਇਸ ਸਬੰਧੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਅਮਨ ਗੁਪਤਾ ਦਾ ਸਬੰਧ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਵੀ ਹੈ। ਬਾਕੀ ਦੋਵੇਂ ਮੁਲਜ਼ਮਾਂ ਦੀ ਪਛਾਣ ਰਾਜੇਸ਼ ਉਰਫ਼ ਜਯ ਅਤੇ ਰਾਹੁਲ ਵਜੋਂ ਹੋਈ ਹੈ। ਮੁਲਜ਼ਮਾਂ ਦੀ ਉਮਰ 25 ਤੋਂ 30 ਦੇ ਵਿਚਕਾਰ ਹੈ ਤੇ ਤਿੰਨੇ ਬੱਰਾਹ ਖੇਤਰ ਦੇ ਵਸਨੀਕ ਹਨ। -ਪੀਟੀਆਈ