ਨਵੀਂ ਦਿੱਲੀ, 25 ਮਈ
ਪੱਛਮੀ ਬੰਗਾਲ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸੂਬੇ ਵਿੱਚ 2 ਮਈ ਨੂੰ ਹੋਈ ਚੋਣ ਹਿੰਸਾ ਵਿੱਚ ਦੋ ਭਾਜਪਾ ਕਾਰਕੁਨਾਂ ਦੀ ਕਥਿਤ ਹੱਤਿਆ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਲਏ ਗਏ ਹਨ। ਸੂਬਾ ਸਰਕਾਰ ਨੇ ਜਸਟਿਸ ਵਿਨੀਤ ਸਾਰਨ ਅਤੇ ਬੀ ਆਰ ਗਵੱਈ ਦੇ ਵਕੇਸ਼ਨ ਬੈਂਚ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸਰਵਉੱਚ ਅਦਾਲਤ ਨੇ ਕੇਂਦਰ, ਪੱਛਮੀ ਬੰਗਾਲ ਸਰਕਾਰ ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੀੜਤਾਂ ਦੇ ਰਿਸ਼ਤੇਦਾਰਾਂ ਵੱਲੋਂ ਦਾਖ਼ਲ ਇੱਕ ਅਪੀਲ ਦੇ ਸਬੰਧ ’ਚ ਜੁਆਬੀ ਹਲਫ਼ਨਾਮੇ ਦਾਇਰ ਕਰਨ ਲਈ ਕਿਹਾ ਹੈ, ਜੋ ਕਿ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਅਤੇ ਕੇਸਾਂ ਨੂੰ ਸੀਬੀਆਈ ਜਾਂ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਸੌਂਪਣ ਦੀ ਮੰਗ ਕਰ ਰਹੇ ਹਨ। ਬੈਂਚ ਨੇ ਕਿਹਾ,‘ਤੁਸੀਂ ਆਪਣੇ ਜੁਆਬੀ ਹਲਫ਼ਨਾਮੇ ਦਾਇਰ ਕਰੋ। ਅਸੀਂ ਇਨ੍ਹਾਂ ’ਤੇ ਦੋ ਹਫ਼ਤਿਆਂ ਬਾਅਦ ਵਿਚਾਰ ਕਰਾਂਗੇ।’ -ਪੀਟੀਆਈ