ਨਵੀਂ ਦਿੱਲੀ, 15 ਜੁਲਾਈ
ਭਾਰਤ ਵਿੱਚ ਫੇਸਬੁੱਕ ਤੇ ਵ੍ਹਟਸਐਪ ਵਰਗੇ ਮੰਚਾਂ ’ਤੇ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਕਾਰਨ ਵਿਅਕਤੀਗਤ ਤੇ ਸੂਚਨਾ ਦੀ ਆਜ਼ਾਦੀ ’ਤੇ ਪਾਬੰਦੀ ਅਤੇ ਨਫ਼ਰਤ ਫੈਲਾਉਣ ਵਰਗੀਆਂ ਕਾਰਵਾਈਆਂ ਕਾਰਨ ਮਨੁੱਖੀ ਅਧਿਕਾਰਾਂ ਨੂੰ ਖ਼ਤਰਾ ਹੈ। ਸੋਸ਼ਲ ਮੀਡਆ ਕੰਪਨੀ ਮੈਟਾ ਨੇ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਆਪਣੀ ਪਹਿਲੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਹ ਰਿਪੋਰਟ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਫੇਸਬੁੱਕ ਅਤੇ ਵ੍ਹਟਸਐਪ ਵਰਗੇ ਪਲੈਟਫਾਰਮਾਂ ਨਾਲ ਸਬੰਧਿਤ ਸੰਭਾਵੀ ਮਨੁੱਖੀ ਅਧਿਕਾਰ ਜੋਖਮਾਂ ’ਤੇ ਮੈਟਾ ਵੱਲੋਂ 2019 ਵਿੱਚ ਸ਼ੁਰੂ ਕੀਤੇ ਗਏ ਆਜ਼ਾਦ ਮਨੁੱਖੀ ਅਧਿਕਾਰ ਪ੍ਰਭਾਵ ਮੁਲਾਕਣ (ਐੱਚਆਰਆਈਏ) ’ਤੇ ਆਧਾਰਿਤ ਹੈ। ਰਿਪੋਰਟ ਮੁਤਾਬਕ, ਐੱਚਆਰਆਈਏ ਨੇ ਮੈਟਾ ਦੇ ਫੇਸਬੁੱਕ ਅਤੇ ਵ੍ਹਟਸਐਪ ਵਰਗੇ ਪਲੈਟਫਾਰਮਾਂ ’ਤੇ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਕਾਰਨ ਮਨੁੱਖੀ ਅਧਿਕਾਰਾਂ ਲਈ ਪੈਦਾ ਹੋਣ ਵਾਲੇ ਜੋਖਮਾਂ ਦਾ ਅਧਿਐਨ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਅਕਤੀਗਤ ਅਤੇ ਸੂਚਨਾ ਦੀ ਆਜ਼ਾਦੀ ’ਤੇ ਪਾਬੰਦੀ ਤੋਂ ਇਲਾਵਾ ਦੁਸ਼ਮਣੀ, ਘਿਰਣਾ, ਭੇਦ‘ਭਾਵ ਅਤੇ ਹਿੰਸਾ ਨੂੰ ਉਕਸਾਉਣ ਵਾਲੀਆਂ ਕਾਰਵਾਈਆਂ ਨਾਲ ਵਿਅਕਤੀ ਦੀ ਨਿੱਜਤਾ ਅਤੇ ਸੁਰੱਖਿਆ ਦੇ ਅਧਿਕਾਰ ਵਰਗੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। -ਪੀਟੀਆਈ