ਮੁੰਬਈ, 6 ਜੂਨ
ਅਦਾਕਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਮਿਲਣ ਤੋਂ ਇਕ ਦਿਨ ਬਾਅਦ ਅੱਜ ਮੁੰਬਈ ਪੁਲੀਸ ਦੀ ਟੀਮ ਨੇ ਬਾਂਦਰਾ ਸਥਿਤ ਅਦਾਕਾਰ ਦੇ ਘਰ ਦਾ ਦੌਰਾ ਕੀਤਾ। ਸਲਮਾਨ ਦੀ ਰਿਹਾਇਸ਼ ਦੁਆਲੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਰਹੇ ਹਨ। ਪੱਤਰ ਵਿਚ ਸਲਮਾਨ ਤੇ ਸਲੀਮ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਸੈਰ ਦੌਰਾਨ ਉੱਘੇ ਲੇਖਕ ਸਲੀਮ ਖਾਨ ਜਦ ਬਾਂਦਰਾ ਬੈਂਡਸਟੈਂਡ ’ਤੇ ਬੈਂਚ ਉਤੇ ਬੈਠੇ ਸਨ ਤਾਂ ਇਕ ਅਣਪਛਾਤੇ ਵਿਅਕਤੀ ਨੇ ਉੱਥੇ ਇਹ ਪੱਤਰ ਰੱਖਿਆ ਸੀ।
ਸਲੀਮ ਖਾਨ ਨੇ ਮਗਰੋਂ ਪੁਲੀਸ ਨਾਲ ਰਾਬਤਾ ਕੀਤਾ ਸੀ ਤੇ ਧਾਰਾ 506 ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਵੇਰਵਿਆਂ ਮੁਤਾਬਕ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਅੱਜ ਗਲੈਕਸੀ ਅਪਾਰਟਮੈਂਟਸ ਗਈ ਤੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪੁਲੀਸ ਨੇ ਉਸ ਥਾਂ ਦਾ ਦੌਰਾ ਵੀ ਕੀਤਾ ਜਿੱਥੇ ਸਲੀਮ ਖਾਨ ਨੂੰ ਪੱਤਰ ਮਿਲਿਆ ਸੀ। ਪੁਲੀਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕਰ ਰਹੀ ਹੈ ਤਾਂ ਕਿ ਪੱਤਰ ਛੱਡਣ ਵਾਲੇ ਵਿਅਕਤੀ ਦੀ ਸ਼ਨਾਖਤ ਕੀਤੀ ਜਾ ਸਕੇ। -ਪੀਟੀਆਈ