ਬੋਗੋਟਾ, 1 ਮਈ
ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਤਰੋ ਨੇ ਅੱਜ ਕਿਹਾ ਕਿ ਦੇਸ਼ ਦੇ ਦੋ ਫੌਜੀ ਟਿਕਾਣਿਆਂ ਤੋਂ ਹਜ਼ਾਰਾਂ ਗੋਲੇ (ਗ੍ਰੇਨੇਡ) ਅਤੇ ਗੋਲੀਆਂ ਚੋਰੀ ਹੋ ਗਈਆਂ ਹਨ। ਪੈਤਰੋ ਨੇ ਸੰਖੇਪ ਬਿਆਨ ਵਿੱਚ ਕਿਹਾ ਕਿ ਫੌਜ ਨੇ ਇਸ ਮਹੀਨੇ ਨਿਰੀਖਣ ਕੀਤਾ ਅਤੇ ਦੇਖਿਆ ਕਿ ਫੌਜੀ ਟਿਕਾਣਿਆਂ ਤੋਂ ਹਜ਼ਾਰਾਂ ਗੋਲੀਆਂ, ਹਜ਼ਾਰਾਂ ਗੋਲੇ ਅਤੇ 37 ਤੋਪਾਂ ਫੁੰਡਣ ਵਾਲੀਆਂ ਮਿਜ਼ਾਈਲਾਂ ਚੋਰੀ ਹੋ ਗਈਆਂ ਹਨ। ਇਨ੍ਹਾਂ ਫੌਜੀ ਟਿਕਾਣਿਆਂ ਵਿੱਚੋਂ ਇੱਕ ਦੇਸ਼ ਦੇ ਮੱਧ ਹਿੱਸੇ ਵਿੱਚ ਸਥਿਤ ਹੈ ਜਦੋਂ ਕਿ ਦੂਜਾ ਕੈਰੇਬੀਅਨ ਤੱਟ ਦੇ ਨੇੜੇ ਸਥਿਤ ਹੈ। ਰਾਸ਼ਟਰਪਤੀ ਨੇ ਕਿਹਾ ਕਿ ਗੋਲਾ ਬਾਰੂਦ ਕੋਲੰਬੀਆ ਦੇ ਬਾਗੀ ਸੰਗਠਨਾਂ ਦੇ ਹੱਥਾਂ ਵਿੱਚ ਜਾ ਸਕਦਾ ਹੈ ਜਾਂ ਗੈਰ-ਕਾਨੂੰਨੀ ਤੌਰ ‘ਤੇ ਹੂਤੀ ਵਿਦਰੋਹੀਆਂ ਸਮੇਤ ਦੂਜੇ ਦੇਸ਼ਾਂ ਦੇ ਅਪਰਾਧਿਕ ਸਮੂਹਾਂ ਨੂੰ ਵੇਚਿਆ ਗਿਆ ਹੈ।