ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਦਸੰਬਰ
ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ ਉਪਰ 14 ਦਿਨਾਂ ਤੋਂ ਲਗਾਤਾਰ ਧਰਨਾ ਦਿੰਦੇ ਆ ਰਹੇ ਕਿਸਾਨਾਂ ਨੇ ਆਪਣੇ ਬੁਲੰਦ ਹੌਸਲੇ ਪ੍ਰਗਟਾਉਂਦੇ ਹੋਏ ਕਿਹਾ ਕਿ ਪੋਹ ਦੀਆਂ ਰਾਤਾਂ ਵਿੱਚ ਸਿੰਜਾਈ ਕਰਨ ਵਾਲਿਆਂ ਨੂੰ ਦਿੱਲੀ ਦੀ ਠੰਢ ਦਾ ਭੋਰਾ ਵੀ ਡਰ ਨਹੀਂ ਹੈ।
ਮੱਦੀਪੁਰ ਦੇ 55 ਸਾਲਾ ਕਿਸਾਨ ਗੁਰਤੇਜ ਸਿੰਘ ਨੇ ਕਿਹਾ ਕਿ ਪੋਹ ਦੀਆਂ ਠੰਢੀਆਂ ਰਾਤਾਂ ਨੂੰ ਕਣਕਾਂ ਸਿੰਜਣ ਵਾਲੇ ਕਿਸਾਨਾਂ ਲਈ ਦਿੱਲੀ ਦੀ ਠੰਢ ਦਾ ਕੋਈ ਭੈਅ ਨਹੀਂ ਕਿਉਂਕਿ ਦਿੱਲੀ ਵਿੱਚ ਤਾਂ ਪ੍ਰਦੂਸ਼ਣ ਤੇ ਹੋਰ ਕਾਰਨਾਂ ਕਰਕੇ ਪੰਜਾਬ ਵਰਗੀ ਠੰਢ ਅਜੇ ਪੈਣ ਹੀ ਨਹੀਂ ਲੱਗੀ ਹੈ। ਕਿਸਾਨ ਨੇ ਕਿਹਾ ਕਿ ਦਿੱਲੀ ਵਿੱਚ ਬਹੁਤਾ ਕਰਕੇ ਦਸੰਬਰ ਦੇ ਅਖ਼ੀਰ ਜਾਂ ਜਨਵਰੀ ਦੇ ਸ਼ੁਰੂ ਵਿੱਚ ਹੀ ਠੰਢ ਪੈਂਦੀ ਹੈ। ਉਸ ਨੇ ਕਿਹਾ ਕਿ ਕੁਝ ਆਗੂਆਂ ਤੇ ਹੋਰ ਸਿਆਸੀ ਧਿਰਾਂ ਦੇ ਅਹੁਦੇਦਾਰਾਂ ਵੱਲੋਂ ਸੋਸ਼ਲ ਮੀਡੀਆ ਉਪਰ ਬਿਆਨ ਦਾਗੇ ਜਾ ਰਹੇ ਹਨ ਕਿ ਬਜ਼ੁਰਗਾਂ ਤੇ ਬੱਚਿਆਂ ਨੂੰ ਠੰਢ ਵਿੱਚ ਰਾਤਾਂ ਲੰਘਾਉਣੀਆਂ ਪੈ ਰਹੀਆਂ ਹਨ। ਕਿਸਾਨ ਨੇ ਕਿਹਾ ਕਿ ਉਹ ਠੰਢ ਦੀ ਪ੍ਰਵਾਹ ਕੀਤੇ ਬਗੈਰ ਲੰਮੇ ਸੰਘਰਸ਼ ਦੀ ਤਿਆਰੀ ਕਰਕੇ ਆਏ ਹਨ। ਦਸੰਬਰ ਵਿੱਚ ਪੰਜਾਬ ਦਾ ਤਾਪਮਾਨ ਦਿੱਲੀ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਖ਼ਾਸ ਕਰਕੇ ਜਲੰਧਰ ਦੇ ਆਦਮਪੁਰ ਜਾਂ ਅੰਮ੍ਰਿਤਸਰ ਵਿੱਚ ਤਾਪਮਾਨ ਕਾਫੀ ਹੇਠਾਂ ਡਿੱਗ ਪੈਂਦਾ ਹੈ। ਅਜਿਹੇ ਮੌਸਮ ਵਿੱਚ ਰਾਤਾਂ ਨੂੰ ਕਣਕਾਂ ਨੂੁੰ ਪਾਣੀ ਦੇਣ ਵਾਲੇ ਕਿਸਾਨ ਦਿੱਲੀ ਦੀ ਠੰਢ ਨੂੰ ਟਿੱਚ ਜਾਣਦੇ ਹਨ। ਲੌਂਗੋਵਾਲ ਪਿੰਡ ਦੇ ਗੁਰਚਰਨ ਸਿੰਘ(37) ਨੇ ਕਿਹਾ ਕਿ ਚਾਹੇ ਹੁਣ ਪੰਜਾਬ ਦੇ ਨੌਜਵਾਨ ਖੇਤੀਬਾੜੀ ਵਿੱਚ ਘੱਟ ਦਿਲਚਸਪੀ ਲੈਂਦੇ ਹਨ, ਪਰ ਫਿਰ ਵੀ ਉਨ੍ਹਾਂ ਦੇ ਸਰੀਰ ਮਜ਼ਬੂਤ ਹੁੰਦੇ ਹਨ। ਕੋਠੀਆਂ ਦਾ ਨਿੱਘ ਮਾਨਣ ਵਾਲੇ ਤੇ ਭ੍ਰਿਸ਼ਟ ਤਰੀਕਿਆਂ ਤੋਂ ਕਮਾਏ ਧਨ ਨਾਲ ਇਕੱਠੀਆਂ ਕੀਤੀਆਂ ਸਹੂਲਤਾਂ ਵਿੱਚ ਰਹਿੰਦੇ ਅਜਿਹੇ ਆਗੂਆਂ ਨੂੰ ਜ਼ਮੀਨੀ ਹਕੀਕਤਾਂ ਦਾ ਸ਼ਾਇਦ ਹੀ ਪਤਾ ਹੋਵੇ। ਉਸ ਨੇ ਕਿਹਾ ਕਿ ਦਿੱਲੀ ਵਿੱਚ ਤਾਂ ਦਿਨ ਵੇਲੇ ਹੁਣ ਵੀ ਮੁੜ੍ਹਕਾ ਆਉਣ ਲਗਦਾ ਹੈ। ਟਰਾਲੀਆਂ ਵਿੱਚ ਰਾਤਾਂ ਗੁਜ਼ਾਰਨ ਦਾ ਆਪਣਾ ਹੀ ਵੱਖਰਾ ਆਨੰਦ ਹੈ। ਚੇਤੇ ਰਹੇ ਕਿ ਦਿੱਲੀ ਵਿੱਚ ਦਸੰਬਰ ਮਹੀਨੇ ਦਿਨ ਦਾ ਔਸਤ ਤਾਪਮਾਨ 23 ਡਿਗਰੀ ਤੋਂ ਵੱਧ ਤੇ ਰਾਤ ਦਾ 7.9 ਡਿਗਰੀ ਰਹਿੰਦਾ ਹੈ।