ਰਾਮਪੁਰ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖ਼ਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜਿਨ੍ਹਾਂ ਆਪਣੇ ਸੁਆਰਥ ਲਈ ਰਾਮਪੁਰ ਦਾ ਸੋਸ਼ਣ ਕੀਤਾ ਹੈ, ਉਹ ਆਖ਼ਰ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਇੱਥੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਯੋਗੀ ਆਦਿੱਤਿਆਨਾਥ ਨੇ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਘਣਸ਼ਿਆਮ ਲੋਧੀ ਨੂੰ ਚੁਣ ਕੇ ਰਾਮਪੁਰ ਵਾਸੀਆਂ ਨੇ ਵਿਸ਼ਾਲ, ਸੁਰੱਖਿਅਤ ਅਤੇ ਖੁਸ਼ਹਾਲੀ ਨਾਲ ਭਰਪੂਰ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਆਜ਼ਮ ਖ਼ਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਆਪਣੇ ਸੁਆਰਥਾਂ ਲਈ ਰਾਮਪੁਰ ਦਾ ਸੋਸ਼ਣ ਕਰਨ ਵਾਲੇ ਹੁਣ ਇਸ ਦੇ ਨਤੀਜੇ ਭੁਗਤ ਰਹੇ ਹਨ। ਖ਼ਾਨ ਖ਼ਿਲਾਫ਼ ਕਈ ਕੇਸ ਦਰਜ ਹੋਣ ਕਾਰਨ ਉਨ੍ਹਾਂ ਸੂਬੇ ਦੀ ਜੇਲ੍ਹ ਵਿੱਚ ਦੋ ਸਾਲ ਤੋਂ ਵੱਧ ਦਾ ਸਮਾਂ ਬਿਤਾਇਆ। ਆਜ਼ਮ ਖ਼ਾਨ ਕੁੱਝ ਮਹੀਨੇ ਪਹਿਲਾਂ ਹੀ ਇੱਕ ਧੋਖਾਧੜੀ ਕੇਸ ਸਬੰਧੀ ਸੁਪਰੀਮ ਕੋਰਟ ਵੱਲੋਂ ਅੰਤਰਿਮ ਜ਼ਮਾਨਤ ਦੇਣ ਮਗਰੋਂ ਜੇਲ੍ਹ ਵਿੱਚੋਂ ਬਾਹਰ ਆਏ ਸੀ। ਆਦਿੱਤਿਆਨਾਥ ਨੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਨੇ ਆਪਣੇ ਫਾਇਦੇ ਲਈ ਸਕੀਮਾਂ ਬਣਾਈਆਂ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਪੈਸਾ ਕਿਸੇ ਵੀ ਲੋਕ ਭਲਾਈ ਦੇ ਕੰਮ ’ਤੇ ਨਹੀਂ ਖਰਚਿਆ ਗਿਆ। -ਪੀਟੀਆਈ