ਨਵੀਂ ਦਿੱਲੀ, 28 ਜੂਨ
ਕੇਂਦਰ ਨੇ ਅੱਜ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਹੈ ਕਿ ਜਨਤਕ ਇਕੱਠਾਂ ਅਤੇ ਧਾਰਮਿਕ ਯਾਤਰਾਵਾਂ ਵਿੱਚ ਸ਼ਾਮਲ ਹੋ ਰਹੇ ਲੋਕਾਂ ਵਿੱਚ ਕਰੋਨਾ ਲਾਗ ਦੇ ਲੱਛਣ ਨਾ ਹੋਣ ਅਤੇ ਉਨ੍ਹਾਂ ਦਾ ਕਰੋਨਾ ਰੋਕੂ ਟੀਕਾਕਰਨ ਹੋ ਚੁੱਕਾ ਹੋਵੇ।
ਸੂਬਿਆਂ ਅਤੇ ਕੇਂਦਰੀ ਸ਼ਸਿਤ ਪ੍ਰਦੇਸ਼ਾਂ ਨੂੰ ਅੱਜ ਭੇਜੇ ਪੱਤਰ ਵਿੱਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਅਗਾਮੀ ਮਹੀਨਿਆਂ ਵਿੱਚ ਯਾਤਰਾਵਾਂ ਅਤੇ ਹੋਰ ਵੱਖ ਵੱਖ ਤਿਉਹਾਰਾਂ ਦੇ ਮੱਦੇਨਜ਼ਰ ਦੇਸ਼ ਦੇ ਵੱਖ ਵੱਖ ਹਿੱਸਿਆਂ ਜਨਤਕ ਇਕੱਠ ਹੋਣੇ ਸੰਭਵ ਹਨ ਅਤੇ ਅਜਿਹੇ ਇਕੱਠ/ਸਮਾਗਮ ਕਰੋਨਾ ਸਣੇ ਹੋਰ ਲਾਗ ਰੋਗਾਂ ਦਾ ਫੈਲਾਅ ਵਧਾ ਸਕਦੇ ਹਨ। ਭੂਸ਼ਣ ਨੇ ਕਿਹਾ, ‘‘ਅਜਿਹੇ ਕਈ ਸਮਾਗਮਾਂ ਜਾਂ ਯਾਤਰਾਵਾਂ ਦੌਰਾਨ ਲੱਖਾਂ ਲੋਕ ਸਵੈ-ਸੇਵਕਾਂ ਅਤੇ ਭਾਈਚਾਰਾ ਅਧਾਰਿਤ ਸਮਾਜਿਕ ਜਾਂ ਧਾਰਮਿਕ ਸੰਗਠਨਾਂ ਵੱਲੋਂ ਤੈਅ ਪੜਾਆਂ ’ਤੇ ਠਹਿਰਦੇ ਹੋਏ ਸੈਂਕੜੇ ਕਿਲੋਮੀਟਰ ਲੰਮੀ ਅੰਤਰਰਾਜੀ ਯਾਤਰਾ ਕਰਦੇ ਹਨ। ਅਜਿਹੇ ਸਮਾਗਮ ਕਰੋਨਾ ਵਰਗੇ ਲਾਗ ਦੇ ਰੋਗਾਂ ਦਾ ਫੈਲਾਅ ਵਧਾ ਸਕਦੇ ਹਨ।’’ ਉਨ੍ਹਾਂ ਕਿਹਾ, ‘‘ਜਿਹੜੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਜਿਹੇ ਸਮੂਹਿਕ ਪ੍ਰੋਗਰਾਮ ਜਾਂ ਯਾਤਰਾਵਾਂ ਦੀ ਤਜ਼ਵੀਜ ਹੈ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਵਿੱਚ ਕਰੋਨਾ ਲਾਗ ਨਾਲ ਰਲਦੇ ਮਿਲਦੇ ਲੱਛਣ ਨਾ ਹੋਣ ਤੇ ਉਨ੍ਹਾਂ ਨੇ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲਵਾਈਆਂ ਹੋਣ। ਪ੍ਰਸ਼ਾਸਨ ਵੱਲੋਂ ਅਜਿਹੇ ਸਮਾਗਮਾਂ ’ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਪਹਿਲੀ ਖੁਰਾਕ ਦੇਣ ਲਈ ਘੱਟੋ ਘੱਟ ਇੱਕ ਪੰਦਰਵਾੜਾ ਪਹਿਲਾਂ ਟੀਕਾਕਰਨ ਮੁਹਿੰਮ ਚਲਾਈ ਜਾ ਸਕਦੀ ਹੈ।’’ -ਪੀਟੀਆਈ