ਨਵੀਂ ਦਿੱਲੀ, 19 ਜੂਨ
ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਵਿਡ ਨੇਮਾਂ ਦਾ ਪਾਲਣ ਨਾ ਕੀਤਾ ਗਿਆ ਅਤੇ ਭੀੜ ਨੂੰ ਨਾ ਰੋਕਿਆ ਗਿਆ ਤਾਂ ਲਾਗ ਦੀ ਤੀਜੀ ਲਹਿਰ ਅਗਲੇ ਛੇ ਤੋਂ ਅੱਠ ਹਫ਼ਤਿਆਂ ’ਚ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੱਡੀ ਗਿਣਤੀ ’ਚ ਲੋਕਾਂ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਉਦੋਂ ਤੱਕ ਕੋਵਿਡ ਨੇਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰੋਨਾ ਦੇ ਕੇਸ ਵਧਦੇ ਹਨ ਤਾਂ ਉਨ੍ਹਾਂ ਇਲਾਕਿਆਂ ’ਚ ਲੌਕਡਾਊਨ ਅਤੇ ਸਖ਼ਤੀ ਨਾਲ ਨਿਗਰਾਨੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਲਾਕੇ ’ਚ ਪਾਜ਼ੇਟੀਵਿਟੀ ਦਰ 5 ਫ਼ੀਸਦ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਉਥੇ ਲੌਕਡਾਊਨ ਲਾਇਆ ਜਾਵੇ ਅਤੇ ਕੰਟੇਨਮੈਂਟ ਜ਼ੋਨ ਬਣਾਏ ਜਾਣ। ਸ੍ਰੀ ਗੁਲੇਰੀਆ ਨੇ ਦੁਹਰਾਇਆ ਕਿ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਤੀਜੀ ਲਹਿਰ ਦੌਰਾਨ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਲੌਕਡਾਊਨ ਲਗਾਉਣਾ ਲਾਗ ਦੇ ਟਾਕਰੇ ਦਾ ਹੱਲ ਨਹੀਂ ਹੋ ਸਕਦਾ ਹੈ ਕਿਉਂਕਿ ਆਰਥਿਕ ਸਰਗਰਮੀਆਂ ਨੂੰ ਵੀ ਧਿਆਨ ’ਚ ਰਖਣਾ ਪਵੇਗਾ। ਇਸ ਤੋਂ ਪਹਿਲਾਂ ਮਾਹਿਰਾਂ ਨੇ ਸੰਕੇਤ ਦਿੱਤੇ ਸਨ ਕਿ ਕੋਵਿਡ-19 ਦੀ ਤੀਜੀ ਲਹਿਰ ਸਤੰਬਰ ਤੋਂ ਅਕਤੂਬਰ ਦੌਰਾਨ ਆ ਸਕਦੀ ਹੈ। -ਪੀਟੀਆਈ
ਸੂਬੇ ਪੂਰੀ ਇਹਤਿਆਤ ਨਾਲ ਲੌਕਡਾਊਨ ਖੋਲ੍ਹਣ: ਕੇਂਦਰ
ਨਵੀਂ ਦਿੱਲੀ: ਕੋਵਿਡ ਨਾਲ ਸਬੰਧਤ ਲੌਕਡਾਊਨ ਨੇਮਾਂ ’ਚ ਨਰਮੀ ਕਾਰਨ ਕੁਝ ਬਾਜ਼ਾਰਾਂ ਅਤੇ ਹੋਰ ਥਾਵਾਂ ’ਤੇ ਭੀੜ ਹੋਣ ਦਾ ਨੋਟਿਸ ਲੈਂਦਿਆਂ ਕੇਂਦਰ ਨੇ ਅੱਜ ਸੂਬਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੋਵਿਡ ਨੇਮਾਂ ਸਬੰਧੀ ਪੰਜ ਨੁਕਾਤੀ ਰਣਨੀਤੀ ਦਾ ਗੰਭੀਰਤਾ ਨਾਲ ਪਾਲਣ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਰੋਗ ਨੂੰ ਫੈਲਣ ਤੋਂ ਰੋਕਣ ਲਈ ਟੈਸਟ, ਟਰੈਕ, ਟਰੀਟ ਅਤੇ ਵੈਕਸੀਨੇਸ਼ਨ ਨੂੰ ਤਰਜੀਹ ਦਿੱਤੀ ਜਾਵੇ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਸੁਨੇਹਾ ਭੇਜਦਿਆਂ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਲਾਗ ਦੀ ਚੇਨ ਤੋੜਨ ਲਈ ਟੀਕਾਕਰਨ ਅਹਿਮ ਹੈ। ‘ਇਸ ਲਈ ਸਾਰੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲਗਾਉਣ।’
ਉਨ੍ਹਾਂ ਕਿਹਾ ਕਿ ਸਰਗਰਮ ਕੇਸਾਂ ਦੀ ਗਿਣਤੀ ਘਟਣ ਮਗਰੋਂ ਪਾਬੰਦੀਆਂ ’ਚ ਰਾਹਤ ਦਾ ਫ਼ੈਸਲਾ ਹਾਲਾਤ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਜਾਵੇ। ਗ੍ਰਹਿ ਸਕੱਤਰ ਨੇ ਕਿਹਾ ਕਿ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਨੇਮਾਂ ਦੀ ਲਗਾਤਾਰ ਨਿਗਰਾਨੀ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਟੈਸਟਿੰਗ ਦੀ ਦਰ ਘਟਣੀ ਨਹੀਂ ਚਾਹੀਦੀ ਹੈ ਅਤੇ ਪਾਜ਼ੇਟੀਵਿਟੀ ਦਰ ਤੇ ਸਰਗਰਮ ਕੇਸਾਂ ’ਚ ਵਾਧੇ ਦੇ ਸੰਕੇਤਾਂ ’ਤੇ ਨਜ਼ਰ ਰੱਖਣ ਦੀ ਲੋੜ ਹੈ। ਸ੍ਰੀ ਭੱਲਾ ਨੇ ਕਿਹਾ ਕਿ ਛੋਟੀਆਂ ਥਾਵਾਂ ’ਤੇ ਕੇਸ ਵਧਣ ’ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਕੰਟੇਨਮੈਂਟ ਜ਼ੋਨਾਂ ਰਾਹੀਂ ਲਾਗ ਫੈਲਣ ’ਤੇ ਨੱਥ ਪਾਈ ਜਾਵੇ। ਉਨ੍ਹਾਂ ਸੂਬਿਆਂ ਨੂੰ ਕਿਹਾ ਕਿ ਉਹ ਜ਼ਿਲ੍ਹਾ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਹਾਲਾਤ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕਰਨ। -ਪੀਟੀਆਈ
ਕਰੋਨਾ: ਦੇਸ਼ਿਵੱਚ 60,753 ਨਵੇਂ ਮਰੀਜ਼ ਸਾਹਮਣੇ ਆਏ
ਨਵੀਂ ਦਿੱਲੀ: ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 60,753 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 2,98,23,546 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਸਰਗਰਮ ਕੇਸਾਂ ਦੀ ਗਿਣਤੀ 7,60,019 ਰਹਿ ਗਈ ਹੈ ਜੋ 74 ਦਿਨਾਂ ’ਚ ਸਭ ਤੋਂ ਘੱਟ ਹੈ। ਇਸ ਦੌਰਾਨ 1,647 ਹੋਰ ਵਿਅਕਤੀਆਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 3,85,137 ਹੋ ਗਿਆ ਹੈ। ਸ਼ੁੱਕਰਵਾਰ ਨੂੰ ਕਰੋਨਾ ਦੇ 19,02,009 ਟੈਸਟ ਕੀਤੇ ਗਏ ਜਿਸ ਨਾਲ ਦੇਸ਼ ’ਚ ਹੁਣ ਤੱਕ 38,92,07,627 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਲਗਾਤਾਰ 12ਵੇਂ ਦਿਨ ਪਾਜ਼ੇਟੀਵਿਟੀ ਦਰ ਪੰਜ ਫ਼ੀਸਦ ਤੋਂ ਘੱਟ 2.98 ਫ਼ੀਸਦ ਰਹੀ।
ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ 37ਵੇਂ ਦਿਨ ਬਿਮਾਰ ਹੋਣ ਵਾਲਿਆਂ ਨਾਲੋਂ ਜ਼ਿਆਦਾ ਰਹੀ। ਹੁਣ ਤੱਕ 2,86,78,390 ਲੋਕ ਲਾਗ ਤੋਂ ਠੀਕ ਹੋ ਚੁੱਕੇ ਹਨ। ਕੌਮੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕਰੋਨਾ ਤੋਂ ਬਚਾਅ ਦੀਆਂ 27,23,88,783 ਖੁਰਾਕਾਂ ਲੱਗ ਚੁੱਕੀਆਂ ਹਨ। -ਪੀਟੀਆਈ
ਕਰੋਨਾ: ਪੰਜਾਬ ’ਚ 31 ਅਤੇ ਹਰਿਆਣਾ ’ਚ 33 ਮੌਤਾਂ
ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾਵਾਇਰਸ ਕਾਰਨ 24 ਘੰਟਿਆਂ ਵਿੱਚ 31 ਅਤੇ ਹਰਿਆਣਾ ’ਚ 33 ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਪੰਜਾਬ ਵਿੱਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 15,802 ਪਹੁੰਚ ਗਿਆ ਹੈ। ਪੰਜਾਬ ’ਚ 8077 ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ ਦੌਰਾਨ ਗੁਰਦਾਸਪੁਰ ’ਚ 4, ਫਰੀਦਕੋਟ, ਕਪੂਰਥਲਾ, ਪਟਿਆਲਾ ’ਚ 3-3, ਅੰਮ੍ਰਿਤਸਰ, ਬਠਿੰਡਾ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ ’ਚ 2-2, ਬਰਨਾਲਾ, ਲੁਧਿਆਣਾ, ਮਾਨਸਾ, ਰੋਪੜ, ਸੰਗਰੂਰ, ਤਰਨਤਾਰਨ ’ਚ ਇਕ-ਇਕ ਜਣੇ ਦੀ ਮੌਤ ਹੋ ਗਈ। ਦੂਜੇ ਪਾਸੇ ਹਰਿਆਣਾ ਵਿੱਚ ਅੱਜ 170 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 400 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ।