ਨਵੀਂ ਦਿੱਲੀ, 26 ਅਕਤੂਬਰ
ਹਰਿਆਣਾ ਦੇ ਸੂਰਜਕੁੰਡ ਵਿੱਚ 27 ਅਤੇ 28 ਅਕਤੂਬਰ ਨੂੰ ਸੂਬਿਆਂ ਦੇ ਗ੍ਰਹਿ ਮੰਤਰੀਆਂ ਦਾ ਦੋ ਦਿਨਾਂ ਚਿੰਤਨ ਸ਼ਿਵਰ ਹੋਵੇਗਾ। ਇਸ ਵਿੱਚ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਢਾਂਚਾ ਵਿਕਸਿਤ ਕਰਨ, ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਸੂਚਨਾ ਤਕਨਾਲੋਜੀ ਦੀ ਵਰਤੋਂ ਵਧਾਉਣ, ਔਰਤਾਂ ਦੀ ਸੁਰੱਖਿਆ, ਤੱਟਵਰਤੀ ਸੁਰੱਖਿਆ ਅਤੇ ਅੰਦਰੂਨੀ ਸੁਰੱਖਿਆ ਦੇ ਹੋਰਨਾਂ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਚਿੰਤਨ ਸ਼ਿਵਰ ਦੀ ਪ੍ਰਧਾਨਗੀ ਕਰਨਗੇ। ਸ਼ਿਵਰ ਦਾ ਮੁੱਖ ਮੰਤਵ ਦਿ੍ਸ਼ਟੀਕੋਣ 2047 ਤੇ ਪੰਚ ਪ੍ਰਾਣ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਕਾਰਜ ਯੋਜਨਾ ਤਿਆਰ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਆਜ਼ਾਦੀ ਦਿਹਾੜੇ ਮੌਕੇ ਇਸ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਕਤੂਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਚਿੰਤਨ ਸ਼ਿਵਰ ਨੂੰ ਸੰਬੋਧਨ ਕਰਨਗੇ। ਚਿੰਤਨ ਸ਼ਿਵਰ ਵਿੱਚ ਵੱਖ ਵੱਖ ਮੁੱਦਿਆਂ ’ਤੇ ਛੇ ਸੈਸ਼ਨਾਂ ਵਿੱਚ ਚਰਚਾ ਕੀਤੀ ਜਾਵੇਗੀ।
ਪਹਿਲੇ ਦਿਨ ਹੋਮ ਗਾਰਡ, ਸਿਵਲ ਡਿਫੈਂਸ, ਅੱਗ ਤੋਂ ਬਚਾਅ ਅਤੇ ਦੁਸ਼ਮਣਾਂ ਦੀ ਜਾਇਦਾਦ ਦਾ ਮੁੱਦਾ ਵਿਚਾਰਿਆ ਜਾਵੇਗਾ। ਅਗਲੇ ਦਿਨ ਸਾਈਬਰ ਅਪਰਾਧ, ਨਸ਼ਾ ਤਸਕਰੀ, ਔਰਤਾਂ ਦੀ ਸੁਰੱਖਿਆ ਅਤੇ ਸੀਮਾ ਪ੍ਰਬੰਧਨ ’ਤੇ ਚਰਚਾ ਹੋਵੇਗਾ। -ਏਜੰਸੀ