ਨਵੀਂ ਦਿੱਲੀ, 7 ਅਕਤੂਬਰ
ਭਾਰਤ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਹਾਲਾਤ ਅਜੇ ਪੂਰੀ ਤਰ੍ਹਾਂ ਆਮ ਵਾਂਗ ਨਹੀਂ ਹੋਏ ਤੇ ਅਜੇ ਇਸ ਪਾਸੇ ਕੁਝ ਕਦਮ ਚੁੱਕੇ ਜਾਣੇ ਬਾਕੀ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਚੀਨੀ ਸਫ਼ੀਰ ਸੁਨ ਵੀਡੌਂਗ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਪੂਰਬੀ ਲੱਦਾਖ ਵਿੱਚ ਹਾਲਾਤ ‘ਕੁੱਲ ਮਿਲਾ ਕੇ ਸਥਿਰ’ ਹਨ ਕਿਉਂਕਿ ਦੋਵੇਂ ਧਿਰਾਂ ਜੂਨ 2020 ਵਿੱਚ ਗਲਵਾਨ ਵਾਦੀ ਵਿੱਚ ਟਕਰਾਅ ਮਗਰੋਂ ਬਣੇ ‘ਹੰਗਾਮੀ ਹਾਲਾਤ’ ਤੋਂ ‘ਆਮ ਹਾਲਾਤ’ ਵਿੱਚ ਦਾਖ਼ਲ ਹੋ ਗਈਆਂ ਹਨ। ਬਾਗਚੀ ਨੇ ਚੀਨੀ ਸਫ਼ੀਰ ਦੀਆਂ ਟਿੱਪਣੀਆਂ ਦੇ ਹਵਾਲੇ ਨਾਲ ਕਿਹਾ, ‘‘ਅਜੇ ਵੀ ਹਾਲਾਤ ਨੂੰ ਮੁਕੰਮਲ ਰੂਪ ਵਿੱਚ ਆਮ ਵਾਂਗ ਕਰਨ ਲਈ ਕੁਝ ਕਦਮ ਪੁੱਟਣ ਦੀ ਲੋੜ ਹੈ। ਅਸੀਂ ਅਜੇ ਤੱਕ ਉਥੇ ਨਹੀਂ ਪੁੱਜੇ।’’ ਤਰਜਮਾਨ ਨੇ ਕਿਹਾ ਕਿ ਭਾਰਤ, ਸਰਹੱਦ ’ਤੇ ਦੋਵਾਂ ਧਿਰਾਂ ਵਿਚਲੀ ਤਲਖੀ ਦੇ ਖ਼ਾਤਮੇ ਲਈ ਫੌਜਾਂ ਨੂੰ ਟਕਰਾਅ ਵਾਲੇ ਖੇਤਰਾਂ ’ਚੋਂ ਪਿੱਛੇ ਹਟਾਉਣ ਦੀ ਤਵੱਕੋ ਕਰਦਾ ਹੈ, ਅਜਿਹਾ ਕਰਕੇ ਹੀ ਸਰਹੱਦ ’ਤੇ ਹਾਲਾਤ ਆਮ ਹੋ ਸਕਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਅਜੇ ਤੱਕ ਉਥੇ ਨਹੀਂ ਪੁੱਜੇ…ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਹਾਲਾਤ ਆਮ ਵਾਂਗ ਹਨ। ਇਸ ਦਿਸ਼ਾ ’ਚ ਕੁਝ ਸਕਾਰਾਤਮਕ ਕਦਮ ਪੁੱਟੇ ਗਏ ਹਨ, ਪਰ ਅਜੇ ਵੀ ਕੁਝ ਹੋਰ ਕਦਮ ਪੁੱਟਣੇ ਬਾਕੀ ਹਨ।’’ ਬਾਗਚੀ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਵੱਲੋਂ ਪਿਛਲੇ ਮਹੀਨੇ ਕੀਤੀ ਟਿੱਪਣੀ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਪੈਟਰੋਲਿੰਗ ਪੁਆਇੰਟ 15 ਤੋਂ ਫੌਜਾਂ ਦੇ ਪਿੱਛੇ ਹਟਣ ਨਾਲ ਸਰਹੱਦ ’ਤੇ ‘ਇਕ ਮੁਸ਼ਕਲ ਘਟੀ’ ਹੈ। -ਪੀਟੀਆਈ