ਨਵੀਂ ਦਿੱਲੀ, 15 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰਐੱਸਐੱਸ ’ਤੇ ਸ਼ਬਦੀ ਹਮਲੇ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਫਰਜ਼ੀ ਹਿੰਦੂ ਹਨ ਜੋ ਆਪਣੇ ਲਾਹੇ ਲਈ ਧਰਮ ਦੀ ਵਰਤੋਂ ਕਰਦੇ ਹਨ। ਆਲ ਇੰਡੀਆ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ਨੂੰ ਇਥੇ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ,‘‘ਯੇ ਕਿਸ ਪ੍ਰਕਾਰ ਕੇ ਹਿੰਦੂ ਹੈਂ। ਯੇ ਝੂਠੇ ਹਿੰਦੂ ਹੈਂ। ਯੇ ਹਿੰਦੂ ਧਰਮ ਕਾ ਪ੍ਰਯੋਗ ਕਰਤੇ ਹੈਂ, ਯੇ ਧਰਮ ਕੀ ਦਲਾਲੀ ਕਰਤੇ ਹੈਂ, ਮਗਰ ਯੇ ਹਿੰਦੂ ਨਹੀਂ ਹੈਂ।’’ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਭਾਜਪਾ-ਆਰਐੱਸਐੱਸ ਨਾਲੋਂ ਬਿਲਕੁਲ ਹੀ ਵੱਖਰੀ ਹੈ ਅਤੇ ਸਿਰਫ਼ ਇਨ੍ਹਾਂ ਦੋਹਾਂ ’ਚੋਂ ਇਕ ਵਿਚਾਰਧਾਰਾ ਹੀ ਮੁਲਕ ’ਤੇ ਰਾਜ ਕਰ ਸਕਦੀ ਹੈ। ਕਾਂਗਰਸ ਆਗੂ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ,‘‘ਉਹ ਆਪਣੇ ਆਪ ਨੂੰ ਹਿੰਦੂਆਂ ਦੀ ਪਾਰਟੀ ਆਖਦੇ ਹਨ ਪਰ ਉਹ ਜਿਥੇ ਵੀ ਜਾਂਦੇ ਹਨ ਲਕਸ਼ਮੀ ਅਤੇ ਦੁਰਗਾ ’ਤੇ ਹਮਲੇ ਕਰਦੇ ਹਨ ਅਤੇ ਦੇਵੀਆਂ ਦੀ ਹੱਤਿਆ ਕਰਦੇ ਹਨ।’’ ਉਨ੍ਹਾਂ ਕਿਹਾ ਕਿ ਲਕਸ਼ਮੀ ਅਤੇ ਦੁਰਗਾ ਮਹਿਲਾ ਸ਼ਕਤੀਕਰਨ ਦੀ ਪ੍ਰਤੀਕ ਹਨ ਅਤੇ ਸਰਕਾਰ ਨੋਟਬੰਦੀ, ਜੀਐੱਸਟੀ, ਖੇਤੀ ਕਾਨੂੰਨਾਂ ਅਤੇ ਮਹਿੰਗਾਈ ਨਾਲ ਉਨ੍ਹਾਂ ਨੂੰ ਮਾਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਇਹ ਨਤੀਜਾ ਹੈ ਕਿ ਦੀਵਾਲੀ ਨੇੜੇ ਹੈ ਪਰ ਲੋਕਾਂ ਦੀਆਂ ਜੇਬ੍ਹਾਂ ਖਾਲੀ ਹਨ ਕਿਉਂਕਿ ਸਾਰਾ ਪੈਸਾ ਪ੍ਰਧਾਨ ਮੰਤਰੀ ਦੇ ਦੋਸਤਾਂ ਕੋਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਸੰਘ ’ਤੇ ਮਹਿਲਾ ਸ਼ਕਤੀ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ। ‘ਕਾਂਗਰਸ ਨੇ ਮਹਿਲਾ ਪ੍ਰਧਾਨ ਮੰਤਰੀ ਦਿੱਤੀ ਹੈ ਪਰ ਆਰਐੱਸਐੱਸ ’ਚ ਮਹਿਲਾਵਾਂ ਦਾ ਕੋਈ ਸਨਮਾਨ ਨਹੀਂ ਹੁੰਦਾ ਹੈ। ਗਾਂਧੀ ਦੀ ਕਾਂਗਰਸ ਅਤੇ ਗੋਡਸੇ ਤੇ ਸਾਵਰਕਰ ਦੀ ਵਿਚਾਰਧਾਰਾ ਵਿਚਕਾਰ ਇਹੋ ਫਰਕ ਹੈ।’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਅਹਿੰਸਾ ਦਾ ਸੁਨੇਹਾ ਦਿੱਤਾ ਸੀ ਪਰ ਆਰਐੱਸਐੱਸ ਅਤੇ ਸਾਵਰਕਰ ਦੀ ਵਿਚਾਰਧਾਰਾ ਕਾਰਨ ਗੋਡਸੇ ਨੇ ਉਨ੍ਹਾਂ ਦੀ ਛਾਤੀ ’ਚ ਗੋਲੀਆਂ ਮਾਰੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਨੇ ਭਾਰਤ ਦੀ ਹਜ਼ਾਰਾਂ ਕਿਲੋਮੀਟਰ ਜ਼ਮੀਨ ਚੀਨ ਹੱਥ ਦੇ ਦਿੱਤੀ ਹੈ ਪਰ ਪ੍ਰਧਾਨ ਮੰਤਰੀ ਆਖ ਰਹੇ ਹਨ ਕਿ ਅਜਿਹਾ ਕੁਝ ਨਹੀਂ ਵਾਪਰਿਆ ਹੈ। -ਪੀਟੀਆਈ/ਆਈਏਐਨਐਸ
‘ਫਰਜ਼ੀ ਹਿੰਦੂ’ ਟਿੱਪਣੀ: ਰਾਹੁਲ ਗਾਂਧੀ ’ਤੇ ਵਰ੍ਹੀ ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਅੱਜ ਕਿਹਾ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ‘ਜ਼ਮੀਨ ਨਾਲ ਜੁੜੇ ਹੋਏ ਨਹੀਂ’ ਹਨ। ਭਾਜਪਾ ਨੇ ਇਹ ਪ੍ਰਤੀਕਿਰਿਆ ਰਾਹੁਲ ਦੀ ਟਿੱਪਣੀ ਕਿ ਭਗਵੀਂ ਪਾਰਟੀ ਅਤੇ ਆਰਐੱਸਐੱਸ ‘ਫਰਜ਼ੀ ਹਿੰਦੂ’ ਹਨ, ਜਿਹੜੇ ਆਪਣੇ ਲਾਹੇ ਲਈ ਧਰਮ ਨੂੰ ਵਰਤਦੇ ਹਨ, ਦੇ ਜਵਾਬ ’ਚ ਦਿੱਤੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਨ ਸਿੰੰਘ ਨੇ ਰਾਹੁਲ ’ਤੇ ਵਰ੍ਹਦਿਆਂ ਕਿਹਾ ਕਿ ਕੋਈ ਵੀ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਹੈ। ਉਨ੍ਹਾਂ ਕਿਹਾ, ‘ਰਾਹੁਲ ਗਾਂਧੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉਹ ਜ਼ਮੀਨ ਨਾਲੋਂ ਪੂਰੀ ਤਰ੍ਹਾਂ ਟੁੱਟਿਆ ਹੋਇਆ ਹੈ। ਉਸ ਕੋਲ ਕੋਈ ਜਾਣਕਾਰੀ ਨਹੀਂ ਹੈ। ਇਹ ਹੀ ਮੁੱਖ ਸਮੱਸਿਆ ਹੈ।’ ਅਰੁਣ ਸਿੰਘ ਨੇ ਕਿਹਾ, ‘ਕੋਈ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਉਹ ਇੱਕ ਗੰਭੀਰ ਵਿਅਕਤੀ ਨਹੀਂ ਹਨ। ਉਨ੍ਹਾਂ ਦਾ ਰਿਕਾਰਡ ਦੇਖ ਲਵੋ। ਕਈ ਵਾਰ ਉਹ ਅਖਬਾਰਾਂ ਪੜ੍ਹਨ ਮਗਰੋਂ ਬੋਲਦੇ ਹਨ, ਕਈ ਵਾਰ ਦੋ-ਤਿੰਨ ਲਾਈਨਾਂ ਕਾਪੀ ਕਰਦੇ ਹਨ। ਉਹ ਜ਼ਮੀਨੀ ਪੱਧਰ ’ਤੇ ਹੋ ਰਹੀਆਂ ਗੱਲਾਂ ਤੋਂ ਅਣਜਾਣ ਹਨ।’ ਭਾਜਪਾ ਦੇ ਤਰਜਮਾਨ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਦੀ ਟਿੱਪਣੀ ਨੇ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। -ਪੀਟੀਆਈ