ਨਵੀਂ ਦਿੱਲੀ, 15 ਦਸੰਬਰ
ਸਰਕਾਰ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਸੰਸਦ ਦਾ ਸਰਦ ਰੁੱਤ ਇਜਲਾਸ ਨਹੀਂ ਹੋਵੇਗਾ। ਸਰਕਾਰ ਮੁਤਾਬਕ ਬਜਟ ਇਜਲਾਸ ਅਗਲੇ ਸਾਲ ਜਨਵਰੀ ’ਚ ਕਰਾਉਣਾ ਸਹੀ ਰਹੇਗਾ। ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਲਿਖੇ ਪੱਤਰ ’ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਮਹਾਮਾਰੀ ਨੂੰ ਰੋਕਣ ਲਈ ਸਰਦੀਆਂ ਦਾ ਮਹੀਨਾ ਬਹੁਤ ਅਹਿਮ ਹੈ ਕਿਉਂਕਿ ਇਸ ਸਮੇਂ ਦੌਰਾਨ ਅਚਾਨਕ ਹੀ ਕੇਸਾਂ ’ਚ ਵਾਧਾ ਹੋਇਆ ਹੈ। ‘ਹੁਣ ਅਸੀਂ ਦਸੰਬਰ ਦੇ ਅੱਧ ’ਚ ਹਾਂ ਅਤੇ ਕੋਵਿਡ ਵੈਕਸੀਨ ਦੇ ਵੀ ਛੇਤੀ ਆਉਣ ਦੀ ਸੰਭਾਵਨਾ ਹੈ।’ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਮਹਾਮਾਰੀ ਦੌਰਾਨ ਆਪਣੀ ਚਿੰਤਾ ਜ਼ਾਹਰ ਕਰਦਿਆਂ ਸਰਦ ਰੁੱਤ ਇਜਲਾਸ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਮਹਾਮਾਰੀ ਨੂੰ ਦੇਖਦਿਆਂ ਬਜਟ ਇਜਲਾਸ ਜਨਵਰੀ 2021 ’ਚ ਕਰਾਉਣਾ ਸਹੀ ਰਹੇਗਾ। -ਪੀਟੀਆਈ
ਸੰਸਦੀ ਲੋਕਤੰਤਰ ਨੂੰ ਢਾਹ ਲਾਉਣ ਦਾ ਕੰਮ ਮੁਕੰਮਲ: ਕਾਂਗਰਸ
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਸਰਕਾਰ ਵੱਲੋਂ ਸੰਸਦੀ ਲੋਕਤੰਤਰ ਨੂੰ ਢਾਹ ਲਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਨੇ ਇਸ ਫ਼ੈਸਲੇ ਨੂੰ ਲੈ ਕੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨਾਲ ਵਿਚਾਰ-ਵਟਾਂਦਰਾ ਨਹੀਂ ਕੀਤਾ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਕਰੋਨਾ ਕਾਲ ’ਚ ਨੀਟ/ਜੇਈਈ ਅਤੇ ਯੂਪੀਐੈੱਸਸੀ ਦੀਆਂ ਪ੍ਰੀਖਿਆਵਾਂ ਸੰਭਵ ਹਨ, ਸਕੂਲਾਂ ’ਚ ਜਮਾਤਾਂ, ਯੂਨੀਵਰਸਿਟੀਆਂ ’ਚ ਪ੍ਰੀਖਿਆਵਾਂ, ਬਿਹਾਰ- ਬੰਗਾਲ ’ਚ ਚੋਣ ਰੈਲੀਆਂ ਸੰਭਵ ਹਨ ਤਾਂ ਸੰਸਦ ਦਾ ਸਰਦ ਰੁੱਤ ਇਜਲਾਸ ਕਿਉਂ ਨਹੀਂ?