ਸ਼ਿਲਾਂਗ, 12 ਸਤੰਬਰ
ਮੇਘਾਲਿਆ ਸਰਕਾਰ ਨੇ ਪੱਛਮੀ ਜੈਂਤੀਆ ਪਹਾੜੀ ਜ਼ਿਲ੍ਹੇ ਦੀ ਜੋਵਈ ਜੇਲ੍ਹ ਵਿੱਚੋਂ ਕੈਦੀਆਂ ਦੇ ਫ਼ਰਾਰ ਹੋਣ ਅਤੇ ਫਿਰ ਉਨ੍ਹਾਂ ਵਿੱਚੋਂ ਚਾਰ ਜਣਿਆਂ ਦੀ ਪਿੰਡ ਵਾਲਿਆਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਦੋ ਪੱਧਰਾਂ ’ਤੇ ਜਾਂਚ ਸ਼ੁਰੂ ਕੀਤੀ ਹੈ। ਸੂਬੇ ਦੇ ਗ੍ਰਹਿ ਮੰਤਰੀ ਲਖਮਨ ਰਿੰਬੁਈ ਨੇ ਅੱਜ ਵਿਧਾਨ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਉਧਰ, ਪੁਲੀਸ ਨੇ ਇਸ ਮਾਮਲੇ ਵਿੱਚ ਚੀਫ਼ ਵਾਰਡਨ ਸਣੇ ਜੇਲ੍ਹ ਦੇ ਪੰਜ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੰਤਰੀ ਨੇ ਕਿਹਾ ਕਿ ਐਤਵਾਰ ਨੂੰ ਜ਼ਿਲ੍ਹਾ ਜੇਲ੍ਹ ’ਚੋਂ ਫ਼ਰਾਰ ਹੋਏ ਤਿੰਨ ਵਿਚਾਰ ਅਧੀਨ ਅਤੇ ਸਜ਼ਾ ਯਾਫ਼ਤਾ ਕੈਦੀਆਂ ਦੀ ਐਤਵਾਰ ਨੂੰ ਕੁੱਟ ਕੁੱਟ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਵਿੱਚ ਲਗਪਗ ਪੰਜ ਹਜ਼ਾਰ ਲੋਕ ਸ਼ਾਮਲ ਸਨ। ਰਿੰਬੁਈ ਨੇ ਵਿਧਾਨ ਸਭਾ ਵਿੱਚ ਖ਼ੁਦ ਬਿਆਨ ਦਿੰਦਿਆਂ ਕਿਹਾ, ‘‘ਵਧੀਕ ਐੱਸਪੀ ਨੂੰ ਇਸ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਕਿੰਨਾਂ ਕਾਰਨਾਂ ਅਤੇ ਹਾਲਤਾਂ ਕਾਰਨ ਕੈਦੀ ਫ਼ਰਾਰ ਹੋਏ, ਜਦਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪੀ.ਕੇ. ਬੋਰੋ ਨੂੰ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।’’ ਉਨ੍ਹਾਂ ਕਿਹਾ ਕਿ ਇੱਕ ਹੋਰ ਅਧਿਕਾਰੀ ਐੱਮ.ਏ. ਸ਼ੱਲਮ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ਗਏ ਚਾਰ ਕੈਦੀਆਂ ਦੀਆਂ ਲਾਸ਼ਾਂ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ, ਮੰਤਰੀ ਨੇ ਹਜ਼ੂਮੀ ਕਤਲ ਦੇ ਮਾਮਲੇ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਿਸੇ ਕਾਨੂੰਨੀ ਕਾਰਵਾਈ ਬਾਰੇ ਕੋਈ ਐਲਾਨ ਨਹੀਂ ਕੀਤਾ। ਰਿੰਬੁਈ ਨੇ ਕਿਹਾ ਕਿ ਕੁੱਲ ਪੰਜ ਵਿਚਾਰ ਅਧੀਨ ਤੇ ਇੱਕ ਸਜ਼ਾ ਯਾਫਤਾ ਕੈਦੀ ਜੇਲ੍ਹ ਕਰਮਚਾਰੀਆਂ ’ਤੇ ਹਮਲਾ ਕਰ ਕੇ ਫ਼ਰਾਰ ਹੋਏ ਸਨ। ਵੈਸਟ ਜੈਂਤੀਆ ਹਿਲਜ਼ ਦੇ ਐੱਸਪੀ ਬੀਕੇ ਮਾਰਕ ਨੇ ਦੱਸਿਆ ਕਿ ਜੇਲ੍ਹ ਕਰਮੀਆਂ ਖਿਲਾਫ਼ ਜੋਵਈ ਥਾਣੇ ਵਿੱਚ ਕੇਸ ਦਰਜ ਕੀਤਾ ਹੈ। -ਪੀਟੀਆਈ