ਨਵੀਂ ਦਿੱਲੀ/ਬੰਗਲੂਰੂ, 23 ਜੂਨ
ਕਰੋਨਾਵਾਇਰਸ ਦੀ ਡੇਲਟਾ ਪਲੱਸ ਕਿਸਮ ਦੇ 40 ਦੇ ਕਰੀਬ ਕੇਸ ਮਹਾਰਾਸ਼ਟਰ, ਕੇਰਲਾ ਤੇ ਮੱਧ ਪ੍ਰਦੇਸ਼ ਤੋਂ ਰਿਪੋਰਟ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਦੀ ਇਸ ਕਿਸਮ ਨੂੰ ‘ਫਿਕਰਮੰਦੀ ਵਾਲੇ ਵੇਰੀਐਂਟ’ (ਵੀਓਸੀ) ਵਜੋਂ ਵਰਗੀਕ੍ਰਿਤ ਕੀਤਾ ਹੈ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਡੇਲਟਾ ਵੇਰੀਐਂਟ ਤੇ ਡੇਲਟਾ ਸਬ-ਲਾਈਨਏਜੀਜ਼ ਜਿਸ ਵਿੱਚ ਡੇਲਟਾ ਪਲੱਸ ਵੀ ਸ਼ਾਮਲ ਹੈ, ਨੂੰ ਵੀਓਸੀ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ। ਮੰਤਰਾਲੇ ਨੇ ਬਿਆਨ ਵਿੱਚ ਅੱਗੇ ਕਿਹਾ, ‘‘ਹਾਲ ਦੀ ਘੜੀ ਭਾਰਤ ਵਿੱਚ ਸੀਕੁਅੰਸਡ ਕੀਤੇ 45000 ਤੋਂ ਵੱਧ ਨਮੂਨਿਆਂ ਵਿੱਚ ਡੇਲਟਾ ਪਲੱਸ ਵੇਰੀਐਂਟ- ਏਵਾਈ.1 ਨਜ਼ਰ ਆਇਆ ਹੈ। ਮਹਾਰਾਸ਼ਟਰ, ਕੇਰਲਾ ਤੇ ਮੱਧ ਪ੍ਰਦੇਸ਼ ਵਿੱਚ 40 ਦੇ ਕਰੀਬ ਕੇਸਾਂ ਦੀ ਪਛਾਣ ਕੀਤੀ ਗਈ ਹੈ।’’ ਕੇਂਦਰੀ ਸਿਹਤ ਮੰਤਰਾਲੇ ਨੇ ਇਨ੍ਹਾਂ ਤਿੰਨਾਂ ਰਾਜਾਂ ਨੂੰ ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਤੇ ਢੁੱਕਵੇਂ ਸਿਹਤ ਉਪਰਾਲਿਆਂ ਦੀ ਵਿਵਸਥਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਮੈਸੂਰ ਵਿੱਚ ਕੋਵਿਡ-19 ਦੀ ਡੇਲਟਾ ਪਲੱਸ ਕਿਸਮ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। –ਏਜੰਸੀ