ਨਵੀਂ ਦਿੱਲੀ, 28 ਮਈ
ਆਕਸੀਜਨ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਾਰੋਬਾਰੀ ਨਵਨੀਤ ਕਾਲੜਾ ਨੇ ਅੱਜ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਕਿਹਾ ਕਿ ਉਸ ਦਾ ਲੋਕਾਂ ਨੂੰ ਧੋਖਾ ਦੇਣ ਦਾ ਕੋਈ ਅਪਰਾਧਿਕ ਇਰਾਦਾ ਨਹੀਂ ਸੀ ਤੇ ਉਸ ਨੂੰ ਟਰਾਇਲ ਤੋਂ ਪਹਿਲਾਂ ਕੈਦ ਵਿੱਚ ਨਹੀਂ ਰੱਖਿਆ ਜਾ ਸਕਦਾ। ਦਿੱਲੀ ਪੁਲੀਸ ਨੇ ਹਾਲੀਆ ਛਾਪੇਮਾਰੀ ਦੌਰਾਨ ਕਾਲੜਾ ਦੀ ਮਾਲਕੀ ਵਾਲੇ ਖ਼ਾਨ ਚਾਚਾ, ਟਾਊਨ ਹਾਲ ਤੇ ਨੈਗੇ ਐਂਡ ਜੂ ਰੈਸਟੋਰੈਂਟਾਂ ਵਿੱਚੋਂ 524 ਆਕਸੀਜਨ ਕੰਸਨਟਰੇਟਰ ਬਰਾਮਦ ਕੀਤੇ ਸਨ। ਕਾਲੜਾ 3 ਜੂਨ ਤੱਕ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਵਿੱਚ ਬੰਦ ਹੈ। ਕਾਲੜਾ ਨੂੰ 27 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕਾਲੜਾ ਨੇ ਆਪਣੇ ਵਕੀਲ ਵਿਕਾਸ ਪਾਹਵਾ ਰਾਹੀਂ ਦਾਖ਼ਲ ਹਲਫ਼ਨਾਮੇ ਵਿੱਚ ਕਿਹਾ, ‘‘ਮੇਰਾ ਕਿਸੇ ਨੂੰ ਧੋਖਾ ਦੇਣ ਦਾ ਕੋਈ ਅਪਰਾਧਿਕ ਇਰਾਦਾ ਨਹੀਂ ਸੀ। ਸਰਕਾਰ ਨੂੰ (ਰੈਸਟੋਰੈਂਟਾਂ ਜ਼ਰੀਏ ਹੁੰਦੀ) ਮੇਰੀ ਵਿਕਰੀ ਤੋਂ ਫਾਇਦਾ ਹੁੰਦਾ ਸੀ, ਉਨ੍ਹਾਂ ਨੂੰ ਜੀਐੱਸਟੀ ਮਿਲਦਾ ਸੀ। ਮੈਂ ਆਮਦਨ ਕਰ ਅਦਾ ਕੀਤਾ ਹੈ।’’ ਵਕੀਲ ਨੇ ਅੱਗੇ ਕਿਹਾ, ‘ਮੇਰੇ ਸਾਰੇ ਚਲਾਨ ਤੇ ਆਕਸੀਜਨ ਕੰਸਨਟਰੇਟਰ ਪੁਲੀਸ ਕੋਲ ਹਨ। ਮੇੇਰੇ ਖਿਲਾਫ਼ ਹੋਰ ਕੋਈ ਰਿਕਵਰੀ ਨਹੀਂ ਹੈ। ਮੈਨੂੰ ਟਰਾਇਲ ਤੋਂ ਪਹਿਲਾਂ ਇੰਜ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ।’ ਪਾਹਵਾ ਨੇ ਕਾਲੜਾ ਲਈ ਜ਼ਮਾਨਤ ਮੰਗਦਿਆਂ ਕਿਹਾ ਕਿ ਇਸ ਕੇਸ ਵਿੱਚ ਪੰਜ ਸਹਿ-ਮੁਲਜ਼ਮਾਂ ਨੂੰ ਪਹਿਲਾਂ ਹੀ ਜ਼ਮਾਨਤਾਂ ਦਿੱਤੀਆਂ ਜਾ ਚੁੱਕੀਆਂ ਹਨ। -ਪੀਟੀਆਈ