ਲਖਨਊ, 6 ਜੂਨ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਵਿਚਾਰਧਾਰਾ ਨੂੰ ਲੈ ਕੇ ਹੁਕਮਰਾਨ ਪਾਰਟੀ ਅਤੇ ਵਿਰੋਧੀ ਧਿਰ ’ਚ ਮੱਤਭੇਦ ਹੋ ਸਕਦੇ ਹਨ ਪਰ ਦੋਵੇਂ ਧਿਰਾਂ ਵਿਚਕਾਰ ਵੈਰ ਭਾਵਨਾ ਨਹੀਂ ਹੋਣੀ ਚਾਹੀਦੀ ਹੈ। ਉੱਤਰ ਪ੍ਰਦੇਸ਼ ਵਿਧਾਨ ਪਰਿਸ਼ਦ ਅਤੇ ਵਿਧਾਨ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਯੂਪੀ ਵਿਧਾਨ ਪਾਲਿਕਾ ਦਾ ਹੁਕਮਰਾਨ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ਸਾਂਝ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ‘ਕਈ ਵਾਰ ਕੁਝ ਮਾੜੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਇਸ ਅਮੀਰ ਵਿਰਸੇ ਦੇ ਉਲਟ ਹਨ। ਤੁਹਾਨੂੰ ਇਹ ਘਟਨਾਵਾਂ ਭੁਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਰਿਆਂ ਨੂੰ ਰਲ ਕੇ ਯੂਪੀ ਦੇ ਅਮੀਰ ਸਿਆਸੀ ਵਿਰਸੇ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।’ ਸ੍ਰੀ ਕੋਵਿੰਦ ਨੇ ਕਿਹਾ ਕਿ ਵਿਧਾਨ ਪਾਲਿਕਾ ਲੋਕਤੰਤਰ ਦਾ ਮੰਦਿਰ ਹੈ ਅਤੇ ਲੋਕ ਜਨ ਪ੍ਰਤੀਨਿਧੀਆਂ ਨੂੰ ਆਪਣੇ ‘ਭਾਗਿਆਵਿਧਾਤਾ’ ਮੰਨਦੇ ਹਨ। ‘ਜਨ ਸੇਵਾ ’ਚ ਸਾਰੇ ਲੋਕਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਉਨ੍ਹਾਂ ਭਾਵੇਂ ਤੁਹਾਨੂੰ ਵੋਟ ਪਾਈ ਹੈ ਜਾਂ ਨਹੀਂ। ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਹਰੇਕ ਵਿਅਕਤੀ ਦੇ ਹਿੱਤ ’ਚ ਕੰਮ ਕਰੋ।’ ਰਾਸ਼ਟਰਪਤੀ ਨੇ ਭਰੋਸਾ ਜਤਾਇਆ ਕਿ ਯੂਪੀ ਛੇਤੀ ਹੀ ‘ਉੱਤਮ ਪ੍ਰਦੇਸ਼’ ਬਣ ਜਾਵੇਗਾ। ਉਨ੍ਹਾਂ ਕਿਹਾ ਜਦੋਂ ਦੇਸ਼ ਦਾ ਸਭ ਤੋਂ ਵੱਡਾ ਸੂਬਾ ਵਿਕਾਸ ਦੇ ਟੀਚੇ ਹਾਸਲ ਕਰ ਲਵੇਗਾ ਤਾਂ ਦੇਸ਼ ਦਾ ਆਪਣੇ ਆਪ ਹੀ ਵਿਕਾਸ ਹੋ ਜਾਵੇਗਾ। -ਪੀਟੀਆਈ