ਲਖਨਊ, 20 ਮਈ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਸਦਨ ਵਿੱਚ ਹੰਗਾਮੇ ਅਤੇ ਨਾਅਰੇਬਾਜ਼ੀ ਨਾਲ ਇਸ ਦੀ ਮਰਿਆਦਾ ਘਟਦੀ ਹੈ ਅਤੇ ਮਰਿਆਦਾ ਬਣਾਈ ਰੱਖਣ ਲਈ ਚਰਚਾ ਅਤੇ ਸੰਵਾਦ ਜ਼ਰੂਰੀ ਹੈ। ਸ੍ਰੀ ਬਿਰਲਾ ਇੱਥੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਨਵੇਂ ਚੁੁਣੇ ਮੈਂਬਰਾਂ ਦੇ ਦੋ ਦਿਨਾ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਸ਼ਾਸਨ ਚਲਾਉਣ ਦਾ ਸਰਵੋਤਮ ਤਰੀਕਾ ਸੰਸਦੀ ਜਮਹੂਰੀ ਪ੍ਰਣਾਲੀ ਹੈ। ਉਨ੍ਹਾਂ ਕਿਹਾ, ‘‘ਸਾਡੀ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸੰਸਦੀ ਜਮਹੂਰੀਅਤ ਰਾਹੀਂ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਲੋਕਾਂ ਦੀਆਂ ਉਮੀਦਾਂ, ਵਿਸ਼ਵਾਸ ਅਤੇ ਭਰੋਸੇ ਨੂੰ ਬਹਾਲ ਰੱਖੀਏ।’’ ਬਿਰਲਾ ਨੇ ਕਿਹਾ, ‘‘ਸਦਨ ਵਿੱਚ ਹੁੰਦੇ ਹੰਗਾਮੇ ਤੇ ਨਾਅਰੇਬਾਜ਼ੀ ਨਾਲ ਇਸ ਦੀ ਮਰਿਆਦਾ ਡਿੱਗਦੀ ਹੈ। ਸਨਮਾਨ ਬਣਾਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ, ਕਿਉਂਕਿ ਪ੍ਰਤੀਨਿਧੀਆਂ ਦੇ ਕਿਰਦਾਰ ਅਤੇ ਵਿਵਹਾਰ ਨਾਲ ਸਦਨ ਦਾ ਸਨਮਾਨ ਹੁੰਦਾ ਹੈ। ਸਾਡਾ ਵਿਹਾਰ ਅਜਿਹਾ ਹੋਣਾ ਚਾਹੀਦਾ ਹੈ ਕਿ ਅਸੀਂ ਤਰਕ ਨਾਲ ਗੱਲ ਕਰਦਿਆਂ ਲੋਕਾਂ ਦੀਆਂ ਸਮੱਸਿਆ ਨੂੰ ਠੀਕ ਤਰੀਕੇ ਪੇਸ਼ ਕਰੀਏ।’’ -ਪੀਟੀਆਈ