ਨਵੀਂ ਦਿੱਲੀ, 26 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਲਈ ਨਵੇਂ ਕਰੰਸੀ ਨੋਟਾਂ ’ਤੇ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣ। ਮੁਲਕ ਦਾ ਅਰਥਚਾਰਾ ਠੀਕ ਨਾ ਹੋਣ ਦਾ ਦਾਅਵਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਰਥਚਾਰੇ ਨੂੰ ਲੀਹਾਂ ’ਤੇ ਲਿਆਉਣ ਲਈ ਕਈ ਕੋਸ਼ਿਸ਼ਾਂ ਦੇ ਨਾਲ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਦੀ ਵੀ ਲੋੜ ਹੈ। ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਨੂੰ ਅੱਜ ਅਪੀਲ ਕਰਦਾ ਹਾਂ ਕਿ ਸਾਡੇ ਕਰੰਸੀ ਨੋਟਾਂ ’ਤੇ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਗਣੇਸ਼ ਤੇ ਲੱਛਮੀ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਹਨ।’ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੱਲ ਰਹੇ ਸਾਰੇ ਨੋਟਾਂ ਨੂੰ ਬਦਲਣ ਲਈ ਨਹੀਂ ਆਖ ਰਹੇ ਹਨ ਅਤੇ ਸੁਝਾਅ ਹੈ ਕਿ ਹਰ ਮਹੀਨੇ ਛਾਪੇ ਜਾ ਰਹੇ ਨਵੇਂ ਨੋਟਾਂ ’ਤੇ ਲੱਛਮੀ ਅਤੇ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣ। ਕੁਝ ਸਮੇਂ ਬਾਅਦ ਵੱਡੀ ਗਿਣਤੀ ’ਚ ਅਜਿਹੇ ਨੋਟ ਖੁਦ ਹੀ ਪ੍ਰਚਲਨ ’ਚ ਆ ਜਾਣਗੇ।
‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਮੁਸਲਿਮ ਬਹੁ-ਗਿਣਤੀ ਵਾਲੇ ਮੁਲਕ ਇੰਡੋਨੇਸ਼ੀਆ, ਜਿਥੇ ਸਿਰਫ਼ ਦੋ ਫ਼ੀਸਦੀ ਹਿੰਦੂ ਹਨ, ’ਚ ਵੀ ਕਰੰਸੀ ’ਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਅਰਥਚਾਰਾ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ ਅਤੇ ਇਹ ਰੋਜ਼ਾਨਾ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਬੋਝ ਆਮ ਆਦਮੀ ਨੂੰ ਸਹਿਣਾ ਪੈ ਰਿਹਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਵਿਚਾਰ ਕਿਥੋਂ ਸੁਝਿਆ ਤਾਂ ਕੇਜਰੀਵਾਲ ਨੇ ਕਿਹਾ,‘‘ਸੋਮਵਾਰ ਨੂੰ ਦੀਵਾਲੀ ਦੀ ਪੂਜਾ ਕਰਨ ਦੌਰਾਨ ਮੈਨੂੰ ਮਹਿਸੂਸ ਹੋਇਆ ਕਿ ਦੋਵੇਂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਕਰੰਸੀ ਨੋਟਾਂ ’ਤੇ ਹੋਣੀਆਂ ਚਾਹੀਦੀਆਂ ਹਨ। ਅਸੀਂ ਦੇਸ਼ ਨੂੰ ਵਿਕਸਤ ਅਤੇ ਖੁਸ਼ਹਾਲ ਬਣਦਾ ਦੇਖਣਾ ਚਾਹੁੰਦੇ ਹਾਂ। ਸਾਨੂੰ ਵੱਡੀ ਗਿਣਤੀ ’ਚ ਸਕੂਲ ਅਤੇ ਹਸਪਤਾਲ ਬਣਾਉਣੇ ਚਾਹੀਦੇ ਹਨ ਅਤੇ ਬਿਜਲੀ ਤੇ ਸੜਕਾਂ ਲਈ ਬੁਨਿਆਦੀ ਢਾਂਚਾ ਵਿਕਸਤ ਕਰਨਾ ਚਾਹੀਦਾ ਹੈ। ਅਸੀਂ ਸਾਰੇ ਕੋਸ਼ਿਸ਼ਾਂ ਕਰਦੇ ਹਾਂ ਪਰ ਫਲ ਤਾਂ ਹੀ ਪਏਗਾ ਜਦੋਂ ਰੱਬ ਸਾਨੂੰ ਆਸ਼ੀਰਵਾਦ ਦੇਵੇਗਾ।’’ ਦਿੱਲੀ ਦੇ ਮੁੱਖ ਮੰਤਰੀ ਦੀ ਅਪੀਲ ਨੂੰ ਹਮਾਇਤ ਦਿੰਦਿਆਂ ‘ਆਪ’ ਵਿਧਾਇਕ ਆਤਿਸ਼ੀ ਨੇ ਭਾਜਪਾ ਨੂੰ ਕਿਹਾ ਕਿ ਉਹ ਕੇਜਰੀਵਾਲ ਦੀ ਤਜਵੀਜ਼ ਦਾ ਸਮਰਥਨ ਕਰਨ। ਆਤਿਸ਼ੀ ਨੇ ਕਿਹਾ,‘‘ਤੁਸੀਂ (ਭਾਜਪਾ) ਅਰਵਿੰਦ ਕੇਜਰੀਵਾਲ ਨੂੰ ਨਫ਼ਰਤ ਕਰਨਾ ਜਾਰੀ ਰੱਖ ਸਕਦੇ ਹੋ ਪਰ ਘੱਟੋ ਘੱਟ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਨਾਲ ਨਫ਼ਰਤ ਤਾਂ ਨਾ ਕਰੋ। ਉਨ੍ਹਾਂ ਦੇ ਆਸ਼ੀਰਵਾਦ ਅਤੇ ਦੇਸ਼ ਦੀ ਖੁਸ਼ਹਾਲੀ ਨਾਲ ਨਫ਼ਰਤ ਨਾ ਕਰੋ।’’ ਉਨ੍ਹਾਂ ਕਿਹਾ ਕਿ ਉਹ ਹੱਥ ਜੋੜ ਕੇ ਭਾਜਪਾ ਨੂੰ ਬੇਨਤੀ ਕਰਦੀ ਹੈ ਕਿ ਉਹ ਇਸ ਤਜਵੀਜ਼ ਦਾ ਸਿਰਫ਼ ਇਸ ਕਰਕੇ ਵਿਰੋਧ ਨਾ ਕਰੇ ਕਿ ਉਹ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਨਫ਼ਰਤ ਕਰਦੀ ਹੈ। -ਪੀਟੀਆਈ
ਨੋਟਾਂ ’ਤੇ ਸਿਰਫ਼ ਗਾਂਧੀ ਜੀ ਦੀ ਹੀ ਤਸਵੀਰ ਛਪੇਗੀ: ਆਰਬੀਆਈ
ਮੁੰਬਈ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਰਤੀ ਕਰੰਸੀ ਨੋਟਾਂ ’ਤੇ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪੇ ਜਾਣ ਦੇ ਦਿੱਤੇ ਸੁਝਾਅ ’ਤੇ ਭਾਵੇਂ ਰੌਲਾ ਪੈ ਗਿਆ ਹੈ ਪਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਕੇਂਦਰ ਸਰਕਾਰ ਨੇ 2010 ’ਚ ਹੀ ਇਸ ਮੁੱਦੇ ਨੂੰ ਸ਼ਾਂਤ ਕਰ ਦਿੱਤਾ ਸੀ। ਭਾਰਤੀ ਕਰੰਸੀ ਨੋਟਾਂ ਬਾਰੇ ਇਕ ਆਰਟੀਆਈ ਦੇ ਜਵਾਬ ’ਚ ਸਰਕਾਰ ਨੇ ਕਿਹਾ ਸੀ ਕਿ ਆਰਬੀਆਈ ਵੱਲੋਂ ਅਕਤੂਬਰ 2010 ’ਚ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ ਤਾਂ ਜੋ ਕਰੰਸੀ ਨੋਟਾਂ ’ਤੇ ਉੱਘੀਆਂ ਹਸਤੀਆਂ, ਭਾਰਤ ਰਤਨ ਹਾਸਲ ਕਰਨ ਵਾਲਿਆਂ, ਨੋਬੇਲ ਪੁਰਸਕਾਰ ਜੇਤੂਆਂ, ਆਜ਼ਾਦੀ ਸੰਗਰਾਮੀਆਂ ਜਾਂ ਖਿਡਾਰੀਆਂ ਦੀਆਂ ਤਸਵੀਰਾਂ ਛਾਪਣ ਬਾਰੇ ਚਰਚਾ ਕੀਤੀ ਜਾ ਸਕੇ। ਇਹ ਕਮੇਟੀ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਬਣਾਈ ਸੀ ਅਤੇ ਉਸ ਨੇ ਕਿਹਾ ਕਿ ਮਹਾਤਮਾ ਗਾਂਧੀ ਨਾਲੋਂ ਹੋਰ ਕੋਈ ਹਸਤੀ ਭਾਰਤ ਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਪੇਸ਼ ਨਹੀਂ ਕਰ ਸਕਦੀ ਹੈ। ਪੁਣੇ ਦੇ ਕਾਰੋਬਾਰੀ ਪ੍ਰਫੁੱਲ ਸ਼ਾਰਦਾ ਨੇ 2019 ’ਚ ਆਰਟੀਆਈ ਰਾਹੀਂ ਜਵਾਬ ਮੰਗਿਆ ਸੀ। ਸ਼ਾਰਦਾ ਨੇ ਕਿਹਾ ਕਿ ਉਨ੍ਹਾਂ ਨੋਟਾਂ ’ਤੇ ਡਾਕਟਰ ਬੀ ਆਰ ਅੰਬੇਦਕਰ ਜਾਂ ਸਰਦਾਰ ਪਟੇਲ ਦੀਆਂ ਤਸਵੀਰਾਂ ਛਾਪਣ ਬਾਰੇ ਵਿਚਾਰ ਕਰਨ ਦੀ ਮੰਗ ਕੀਤੀ ਸੀ ਜਿਸ ਮਗਰੋਂ ਸਰਕਾਰ ਨੇ ਜਵਾਬ ਦੇ ਦਿੱਤਾ ਸੀ ਅਤੇ ਮਾਮਲਾ ਨਿਪਟ ਗਿਆ ਸੀ ਪਰ ਹੁਣ ਦਿੱਲੀ ਦੇ ਮੁੱਖ ਮੰਤਰੀ ਦੀ ਮੰਗ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਜਾਪਦੀ ਹੈ। ਸਾਬਕਾ ਸੰਸਦ ਮੈਂਬਰ ਅਤੇ ਕੀਰਤੀ ਆਜ਼ਾਦ ਨੇ ਵੀ ਨੋਟਾਂ ’ਤੇ ਮਹਾਨ ਹਸਤੀਆਂ ਦੀਆਂ ਤਸਵੀਰਾਂ ਛਾਪਣ ਦਾ ਮੁੱਦਾ ਸੰਸਦ ’ਚ ਉਠਾਇਆ ਸੀ ਪਰ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਰਬੀਆਈ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਸੀ। -ਆਈਏਐਨਐਸ
ਸਿਆਸੀ ਲਾਹੇ ਲਈ ਪੱਤਾ ਖੇਡ ਰਹੇ ਨੇ ਕੇਜਰੀਵਾਲ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਕਿਹਾ ਹੈ ਕਿ ਸਿਆਸੀ ਲਾਹੇ ਲਈ ਉਹ ਆਪਣੇ ਆਪ ਨੂੰ ਹਿੰਦੂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਕੇਜਰੀਵਾਲ ਦਾ ਪਾਖੰਡ ਹੁਣ ਜੱਗ ਜ਼ਾਹਿਰ ਹੋ ਗਿਆ ਹੈ ਕਿਉਂਕਿ ‘ਆਪ’ ਸਰਕਾਰ ਨੇ ਲੋਕਾਂ ਨੂੰ ਦੀਵਾਲੀ ’ਤੇ ਆਤਿਸ਼ਬਾਜ਼ੀ ਨਾ ਚਲਾਉਣ ਦੀ ਚਿਤਾਵਨੀ ਦਿੰਦਿਆਂ ਕਾਨੂੰਨੀ ਕਾਰਵਾਈ ਦਾ ਡਰਾਵਾ ਦਿੱਤਾ ਸੀ। ਪਾਤਰਾ ਨੇ ‘ਆਪ’ ਆਗੂ ਰਾਜੇਂਦਰ ਪਾਲ ਗੌਤਮ ਦੀ ਧਰਮ ਪਰਿਵਰਤਨ ਦੇ ਪ੍ਰੋਗਰਾਮ ’ਚ ਸ਼ਮੂਲੀਅਤ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ’ਚੋਂ ਗੌਤਮ ਨੂੰ ਹਟਾਉਣਾ ਸਿਰਫ਼ ਦਿਖਾਵਾ ਹੈ। ਭਾਜਪਾ ਦੇ ਉੱਤਰ-ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਵੀ ‘ਆਪ’ ਆਗੂ ਦੀ ਮੰਗ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ ਅਤੇ ਗੁਜਰਾਤ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਨੂੰ ਦੇਖਦਿਆਂ ‘ਆਪ’ ਦਾ ਹਿੰਦੂ ਵਿਰੋਧੀ ਭੱਦਾ ਚਿਹਰਾ ਛਿਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਆਪਣੀ ਮੰਗ ਪ੍ਰਤੀ ਸੁਹਿਰਦ ਹਨ ਤਾਂ ਉਹ ਰਾਜੇਂਦਰ ਪਾਲ ਗੌਤਮ ਅਤੇ ਗੁਜਰਾਤ ਇਕਾਈ ਦੇ ਮੁਖੀ ਗੋਪਾਲ ਇਟਾਲੀਆ ਨੂੰ ਪਾਰਟੀ ’ਚੋਂ ਕੱਢਣ ਜਿਨ੍ਹਾਂ ਦੇਵੀ-ਦੇਵਤਿਆਂ ਦਾ ਅਪਮਾਨ ਕੀਤਾ ਹੈ। -ਪੀਟੀਆਈ
ਕਾਂਗਰਸ ਨੇ ਕੇਜਰੀਵਾਲ ਤੋਂ ਅਸਤੀਫ਼ਾ ਮੰਗਿਆ
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਰਤੀ ਨੋਟਾਂ ’ਤੇ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪਣ ਦੀ ਮੰਗ ਕਰਨ ’ਤੇ ਸਵਾਲ ਉਠਾਉਂਦਿਆਂ ਕਾਂਗਰਸ ਨੇ ਕੇਜਰੀਵਾਲ ਤੋਂ ਅਸਤੀਫ਼ਾ ਮੰਗ ਲਿਆ ਹੈ। ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਸੰਵਿਧਾਨ ’ਚ ਧਰਮ ਨਿਰਪੱਖ ਸਿਧਾਂਤਾਂ ਦੀ ਉਲੰਘਣਾ ਕਰਨ ਲਈ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹਿੰਦੂ ਦੇਵੀ-ਦੇਵਤਿਆਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤ ਕੇ ਸਿਆਸਤ ਦਾ ਪੱਧਰ ਡੇਗ ਰਹੇ ਹਨ। -ਪੀਟੀਆਈ