ਮੁੰਬਈ, 4 ਜੁਲਾਈ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹਾ ਕੋਈ ਆਗੂ ਨਹੀਂ ਹੈ। ਅਜੀਤ ਪਵਾਰ ਨੇ ਐੱਨਸੀਪੀ ਦੇ ਆਪਣੇ ਧੜੇ ਦੇ ਦੱਖਣੀ ਮੁੰਬਈ ’ਚ ਬਣੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਦੇਸ਼ ਮੋਦੀ ਦੀ ਅਗਵਾਈ ਹੇਠ ਅੱਗੇ ਵੱਧ ਰਿਹਾ ਹੈ। ਅਸੀਂ ਉਨ੍ਹਾਂ ਦੀ ਹਮਾਇਤ ਕਰਨ ਲਈ ਸਰਕਾਰ ’ਚ ਸ਼ਾਮਲ ਹੋਏ ਹਾਂ।’ ਉਨ੍ਹਾਂ ਕਿਹਾ, ‘ਮੋਦੀ ਜਿਹਾ ਕੋਈ ਆਗੂ ਨਹੀਂ ਹੈ। ਉਨ੍ਹਾਂ ਦਾ ਕੋਈ ਬਦਲ ਵੀ ਨਹੀਂ ਹੈ।’ ਅਜੀਤ ਪਵਾਰ ਨੇ ਸੰਕੇਤ ਦਿੱਤਾ ਕਿ ਸੂਬੇ ’ਚ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਤੁਰੰਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਸ ਦੇਰੀ ਲਈ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਨਾਗਪੁਰ ਦੌਰੇ ਨੂੰ ਕਾਰਨ ਦੱਸਿਆ ਹੈ। ਸ਼ਿੰਦੇ ਗਰੁੱਪ ਦੇ ਕੁਝ ਮੈਂਬਰਾਂ ਦੇ ਨਾਰਾਜ਼ ਚਲਦੇ ਹੋਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸੇ ਦੌਰਾਨ ਐੱਨਸੀਪੀ ਆਗੂਆਂ ਅਜੀਤ ਪਵਾਰ ਤੇ ਛਗਨ ਭੁਜਬਲ ਦੇ ਹਮਾਇਤੀਆਂ ਨੇ ਨਾਸਿਕ ਵਿਚਲੇ ਪਾਰਟੀ ਦਫ਼ਤਰ ਦਾ ਕਬਜ਼ਾ ਆਪਣੇ ਹੇਠ ਲੈ ਲਿਆ ਹੈ। -ਪੀਟੀਆਈ
ਐਨਸੀਪੀ ਦੇ ਦੋਵੇਂ ਧੜੇ ਅੱਜ ਕਰਨਗੇ ਸ਼ਕਤੀ ਪ੍ਰਦਰਸ਼ਨ
ਐਨਸੀਪੀ ’ਤੇ ਦਾਅਵੇ ਨੂੰ ਲੈ ਕੇ ਅਜੀਤ ਪਵਾਰ ਤੇ ਸ਼ਰਦ ਪਵਾਰ ਧੜਿਆਂ ’ਚ ਲੜਾਈ ਤੇਜ਼ ਹੋ ਗਈ ਹੈ ਅਤੇ ਇਸੇ ਤਹਿਤ ਸ਼ਕਤੀ ਪ੍ਰਦਰਸ਼ਨ ਕਰਨ ਲਈ ਦੋਵਾਂ ਧੜਿਆਂ ਨੇ 5 ਜੁਲਾਈ ਨੂੰ ਵੱਖ ਵੱਖ ਮੀਟਿੰਗਾਂ ਸੱਦੀਆਂ ਹਨ। ਸ਼ਰਦ ਪਵਾਰ ਧੜੇ ਨੇ ਮੀਟਿੰਗ ਪਾਰਟੀ ਦੇ ਦੱਖਣੀ ਮੁੰਬਈ ਸਥਿਤ ਯਸ਼ਵੰਤ ਰਾਓ ਚਵਾਨ ਕੇਂਦਰ ’ਚ ਬਾਅਦ ਦੁਪਹਿਰ ਇਕ ਵਜੇ ਸੱਦੀ ਹੈ ਜਦਕਿ ਅਜੀਤ ਪਵਾਰ ਨੇ ਮੁੰਬਈ ਦੇ ਉਪ ਨਗਰ ਬਾਂਦਰਾ ਸਥਿਤ ਮੁੰਬਈ ਐਜੂਕੇਸ਼ਨ ਟਰੱਸਟ ਦੇ ਕੰਪਲੈਕਸ ’ਚ ਸਵੇਰੇ 11 ਵਜੇ ਮੀਟਿੰਗ ਸੱਦੀ ਹੈ। ਦੋਵਾਂ ਧੜਿਆਂ ਦੀ ਮੀਟਿੰਗ ਨਾਲ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ ਕਿ ਕਿਸ ਨਾਲ ਕਿੰਨੇ ਵਿਧਾਇਕ ਹਨ। 288 ਮੈਂਬਰੀ ਵਿਧਾਨ ਸਭਾ ’ਚ ਐੱਨਸੀਪੀ ਦੇ 53 ਵਿਧਾਇਕ ਹਨ ਤੇ ਅਜੀਤ ਪਵਾਰ ਧੜੇ ਨੂੰ ਦਲਬਦਲੀ ਕਾਨੂੰਨ ਤਹਿਤ ਅਯੋਗ ਠਹਿਰਾਏ ਜਾਣ ਤੋਂ ਬਚਣ ਲਈ ਘੱਟ ਤੋਂ ਘੱਟ 36 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੈ।