ਹਿਸਾਰ, 15 ਅਪਰੈਲ
ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਨੇ ਕਿਹਾ ਹੈ ਕਿ ਕਿਸਾਨਾਂ ਦੇ ਮੁੱਦੇ ਉਠਾਉਣ ਲਈ ਉਨ੍ਹਾਂ ਨੂੰ ਆਪਣਾ ਅਹੁਦਾ ਖੁੱਸਣ ਦਾ ਕੋਈ ਡਰ ਨਹੀਂ ਹੈ। ਇਥੇ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ,‘‘ਮੈਂ ਬੁਨਿਆਦੀ ਤੌਰ ’ਤੇ ਕਿਸਾਨ ਹਾਂ। ਮੇਰੀ ਸਿਆਸੀ ਟਰੇਨਿੰਗ (ਸਾਬਕਾ ਪ੍ਰਧਾਨ ਮੰਤਰੀ) ਚੌਧਰੀ ਚਰਨ ਸਿੰਘ ਦੀ ਅਗਵਾਈ ਹੇਠ ਹੋਈ ਸੀ। ਉਨ੍ਹਾਂ ਮੈਨੂੰ ਕਿਹਾ ਸੀ ਕਿ ਜੇਕਰ ਕਿਸਾਨਾਂ ਲਈ ਤੁਸੀਂ ਕੁਝ ਛੱਡਣਾ ਚਾਹੁੰਦੇ ਹੋ ਤਾਂ ਛੱਡ ਦੇਵੋ ਪਰ ਉਨ੍ਹਾਂ ਲਈ ਲੜਦੇ ਰਹੋ ਅਤੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਦੇ ਰਹੋ।’’ ਮਲਿਕ ਨੇ ਕਿਹਾ ਕਿ ਉਹ ਗਵਰਨਰੀ ਖੁੱਸਣ ਤੋਂ ਨਹੀਂ ਡਰਦੇ ਹਨ। ‘ਮੇਰੇ ਕੋਲ ਤਾਂ ਸੇਵਾਮੁਕਤੀ ਤੋਂ ਬਾਅਦ ਰਹਿਣ ਲਈ ਘਰ ਵੀ ਨਹੀਂ ਹੈ। ਇਸੇ ਕਰਕੇ ਮੈਂ ਕੇਂਦਰ ਨਾਲ ਲੜ ਸਕਦਾ ਹਾਂ।’ ਮੇਘਾਲਿਆ ਦੇ ਰਾਜਪਾਲ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਨਾਲ ਸਿੱਝਣ ਦੇ ਢੰਗ ’ਤੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਫ਼ਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਦੀ ਵੀ ਵਕਾਲਤ ਕੀਤੀ ਹੈ। ਇਕ ਸਵਾਲ ਦੇ ਜਵਾਬ ’ਚ ਮਲਿਕ ਨੇ ਕਿਹਾ ਕਿ ਵਪਾਰ ਦੀਆਂ ਸ਼ਰਤਾਂ ਦੇਸ਼ ਦੇ ਕਿਸਾਨਾਂ ਦੇ ਪੱਖ ’ਚ ਨਹੀਂ ਹਨ। ਉਨ੍ਹਾਂ ਵੱਲੋਂ ਜੰਮੂ ਕਸ਼ਮੀਰ ਦੇ ਰਾਜਪਾਲ ਰਹਿੰਦਿਆਂ ਦੋ ਫਾਈਲਾਂ ਕਲੀਅਰ ਕਰਨ ਲਈ ਰਿਸ਼ਵਤ ਦੀ ਪੇਸ਼ਕਸ਼ ਬਾਰੇ ਲਾਏ ਗਏ ਦੋਸ਼ਾਂ ’ਤੇ ਸੀਬੀਆਈ ਵੱਲੋਂ ਪਿਛਲੇ ਮਹੀਨੇ ਜਾਂਚ ਸ਼ੁਰੂ ਕੀਤੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਮਲਿਕ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਰਾਜਪਾਲ ਵਜੋਂ ਦਸਤਖ਼ਤ ਕੀਤੀਆਂ ਗਈਆਂ ਸਾਰੀਆਂ ਫਾਈਲਾਂ ਹੁਣ ਸੀਬੀਆਈ ਦੀ ਨਿਗਾਹ ’ਚ ਹੋਣਗੀਆਂ। ‘ਇਸ ਨਾਲ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਸੀਬੀਆਈ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ ਹੈ। ਮੈਂ ਜੋ ਕੁਝ ਕਹਿਣਾ ਸੀ, ਉਹ ਆਖ ਚੁੱਕਾ ਹਾਂ। ਜੇਕਰ ਉਹ ਮੇਰੇ ਤੋਂ ਪੁੱਛਣਗੇ ਤਾਂ ਮੈਂ ਉਨ੍ਹਾਂ ਨੂੰ ਦੱਸਾਂਗਾ ਕਿਉਂਕਿ ਮੇਰੇ ਕੋਲ ਛਿਪਾਉਣ ਲਈ ਕੁਝ ਵੀ ਨਹੀਂ ਹੈ।’ -ਪੀਟੀਆਈ