ਨਵੀਂ ਦਿੱਲੀ, 5 ਜਨਵਰੀ
ਇੱਥੋਂ ਦੀ ਅਦਾਲਤ ਨੇ ਕਿਹਾ ਹੈ ਕਿ ਪਹਿਲੀ ਨਜ਼ਰੇ ਇਸ ਗੱਲ ਨੂੰ ਦਿਖਾਉਣ ਲਈ ਠੋਸ ਅਧਾਰ ਮੌਜੂਦ ਹੈ ਕਿ ਜੇਐਨਯੂ ਵਿਦਿਆਰਥੀ ਆਗੂ ਉਮਰ ਖਾਲਿਦ, ਮੁਅੱਤਲ ‘ਆਪ’ ਕੌਂਸਲਰ ਤਾਹਿਰ ਹੁਸੈਨ ਤੇ ਹੋਰਨਾਂ ਨੇ ਉੱਤਰ-ਪੂਰਬੀ ਦਿੱਲੀ ਵਿਚ ਪਿਛਲੇ ਸਾਲ ਹੋਏ ਦੰਗਿਆਂ ਲਈ ਰਲ ਕੇ ਸਾਜ਼ਿਸ਼ ਘੜੀ। ਇਸ ਕੇਸ ਵਿਚ ਵਾਧੂ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਮੁੱਖ ਮੈਟਰੋਪੌਲਿਟਨ ਮੈਜਿਸਟਰੇਟ ਦਿਨੇਸ਼ ਕੁਮਾਰ ਨੇ ਕਿਹਾ ਕਿ ਖ਼ਜੂਰੀ ਖਾਸ ਇਲਾਕੇ ’ਚ ਹੋਈ ਫ਼ਿਰਕੂ ਹਿੰਸਾ ਲਈ ਖਾਲਿਦ ਖ਼ਿਲਾਫ਼ ਕਾਫ਼ੀ ਜਾਣਕਾਰੀ ਮੌਜੂਦ ਹੈ। ਅਦਾਲਤ ਨੇ ਕਿਹਾ ਕਿ ਇਕ ਗਵਾਹ ਦਾ ਬਿਆਨ ਇਹ ਸਾਬਿਤ ਕਰਨ ਲਈ ਕਾਫ਼ੀ ਹੈ ਕਿ ਹਿੰਸਾ ਦੌਰਾਨ ਖਾਲਿਦ ਤੇ ਹੁਸੈਨ ਸੰਪਰਕ ਵਿਚ ਸਨ। ਹੁਸੈਨ ਦੰਗਿਆਂ ਦਾ ਮੁੱਖ ਮੁਲਜ਼ਮ ਹੈ। ਉਸ ’ਤੇ ਫ਼ਿਰਕੂ ਫ਼ਸਾਦ ਲਈ ਫੰਡ ਦੇਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਹੁਸੈਨ ’ਤੇ ਆਪਣੇ ਘਰੋਂ ਭੀੜਾਂ ਨੂੰ ਭੜਕਾਉਣ ਤੇ ਜਾਇਦਾਦਾਂ ਸਾੜਨ ਦਾ ਵੀ ਦੋਸ਼ ਹੈ। ਇਸਤਗਾਸਾ ਧਿਰ ਨੇ ਚਾਰਜਸ਼ੀਟ ਵਿਚ ਦੋਸ਼ ਲਾਇਆ ਹੈ ਕਿ ਖਾਲਿਦ ਨੇ ਅਪਰਾਧਕ ਸਾਜ਼ਿਸ਼ ਵਿਚ ਸਰਗਰਮੀ ਨਾਲ ਹਿੱਸਾ ਪਾਇਆ ਹੈ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿਚ ਦੰਗੇ ਭੜਕਾਉਣ ਲਈ ਵੀ ਉਹ ਜ਼ਿੰਮੇਵਾਰ ਹੈ। ਇਸੇ ਦੌਰਾਨ ਅਦਾਲਤ ਨੇ ਖਾਲਿਦ ਦੀ ਅਰਜ਼ੀ ’ਤੇ ਪੁਲੀਸ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਉਮਰ ਖਾਲਿਦ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਬਦਨਾਮ ਕਰਨ ਲਈ ‘ਮੀਡੀਆ ਮੁਹਿੰਮ’ ਚਲਾਈ ਜਾ ਰਹੀ ਹੈ। ਖਾਲਿਦ ਨੇ ਦਾਅਵਾ ਕੀਤਾ ਹੈ ਕਿ ਮੀਡੀਆ ਦੇ ਇਕ ਵਰਗ ਨੂੰ ਚਾਰਜਸ਼ੀਟ ਤੱਕ ਪਹੁੰਚ ਮੁਲਜ਼ਮ ਜਾਂ ਵਕੀਲ ਤੋਂ ਵੀ ਪਹਿਲਾਂ ਹੀ ਮਿਲ ਰਹੀ ਹੈ। -ਪੀਟੀਆਈ