ਨਵੀਂ ਦਿੱਲੀ, 16 ਮਈ
ਸੁਪਰੀਮ ਕੋਰਟ ਵਿੱਚ ਸੱਤ ਅਸਾਮੀਆਂ ਖਾਲੀ ਹਨ। ਦੋ ਹਾਈ ਕੋਰਟ ਰੈਗੂਲਰ ਮੁੱਖ ਜਸਟਿਸਾਂ ਤੋਂ ਬਿਨਾਂ ਕੰਮ ਕਰ ਰਹੇ ਹਨ ਤੇ ਦੋ ਹਾਈ ਕੋਰਟਾਂ ਦੇ ਮੁੱਖ ਜਸਟਿਸ ਅਗਲੇ ਡੇਢ ਮਹੀਨੇ ਵਿੱਚ ਸੇਵਾਮੁਕਤ ਹੋ ਰਹੇ ਹਨ। ਸਰਕਾਰ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਸਰਕਾਰ ਉੱਚ ਅਦਾਲਤ ਦੇ ਕੌਲਿਜੀਅਮ ਤੋਂ ਸਿਫ਼ਾਰਸ਼ਾਂ ਭੇਜਣ ਦੀ ਉਡੀਕ ਕਰ ਰਹੀ ਹੈ।
ਸੁਪਰੀਮ ਕੋਰਟ ਵਿੱਚ ਪਹਿਲੀ ਅਸਾਮੀ ਜਸਟਿਸ ਰੰਜਨ ਗੋਗੋਈ ਦੇ ਨਵੰਬਰ 2019 ਵਿੱਚ ਸੇਵਾਮੁਕਤ ਹੋਣ ਮਗਰੋਂ ਖਾਲੀ ਹੋਈ ਸੀ। ਇਸ ਮਗਰੋਂ ਸਰਬਉੱਚ ਅਦਾਲਤ ਵਿੱਚ ਕੁਝ ਹੋਰ ਪਦ ਜਸਟਿਸ ਦੀਪਕ ਗੁਪਤਾ, ਆਰ ਭਾਨੂਮਤੀ, ਅਰੁਣ ਮਿਸ਼ਰਾ, ਇੰਦੂ ਮਲਹੋਤਰਾ ਤੇ ਪਿਛਲੇ ਮਹੀਨੇ ਮੁੱਖ ਜਸਟਿਸ ਦੇ ਪਦ ਤੋਂ ਐੱਸਏ ਬੋਬੜੇ ਦੇ ਸੇਵਾਮੁਕਤ ਹੋਣ ਮਗਰੋਂ ਖਾਲੀ ਹੋਏ ਹਨ। ਇਸੇ ਤਰ੍ਹਾਂ ਜਸਟਿਸ ਮੋਹਨ ਐੱਮ ਸ਼ਾਂਤਨਾਗੌਦਰ ਦਾ ਅਪਰੈਲ ਵਿੱਚ ਦੇਹਾਂਤ ਹੋ ਗਿਆ ਸੀ। ਸਰਬਉੱਚ ਅਦਾਲਤ ਵਿੱਚ ਜੱਜਾਂ ਦੀਆਂ 34 ਅਸਾਮੀਆਂ ਹਨ ਜਦਕਿ ਮੌਜੂਦਾ ਸਮੇਂ ਇਹ 27 ਜੱਜਾਂ ਨਾਲ ਕੰਮ ਚਲਾ ਰਹੀ ਹੈ। -ਪੀਟੀਆਈ