ਕੋਲਕਾਤਾ, 26 ਅਗਸਤ
ਸਾਬਕਾ ਫ਼ੌਜ ਮੁਖੀ ਜਨਰਲ ਸ਼ੰਕਰ ਰਾਏ ਚੌਧਰੀ ਨੇ ਕਿਹਾ ਭਾਰਤ ਵਿੱਚ ਰਣਨੀਤਕ ਯੋਜਨਾਕਾਰਾਂ ਨੂੰ ਥੀਏਟਰ ਕਮਾਂਡ ਢਾਂਚਾ (ਤਿੰਨਾਂ ਫ਼ੌਜਾਂ ਦੀ ਸਾਂਝੀ ਕਮਾਂਡ) ਲਾਗੂ ਕਰਨ ਲਈ ਪਹਿਲਾਂ ਹੀ ਇੱਕ ਢੁੱਕਵੇਂ ਖਾਕੇ ’ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਚੀਨ ਦੇ ਬਰਾਬਰ ਆਪਣੀ ਤਾਕਤ ਵਧਾਉਣ ਦੀ ਲੋੜ ਹੈ ਅਤੇ ਗੁਆਂਢੀ ਮੁਲਕ ਨਾਲ ਹੋਈ 1962 ਦੀ ਜੰਗ ਤੋਂ ‘ਬਹੁਤਾ ਅਸਰਅੰਦਾਜ਼’ ਨਹੀਂ ਹੋਣਾ ਚਾਹੀਦਾ। ਸਾਬਕਾ ਫ਼ੌਜ ਮੁਖੀ ਨੇ ਕਿਹਾ, ‘ਸਾਨੂੰ ਤਿੰਨਾਂ ਸੇਵਾਵਾਂ ਵਿਚਾਲੇ ਵਿਚਾਰ-ਵਟਾਂਦਰੇ ਰਾਹੀਂ ਥੀਏਟਰ ਕਮਾਂਡ ਦੇ ਢਾਂਚੇ ਲਈ ਢੁੱਕਵਾਂ ਖਾਕਾ ਤਿਆਰ ਕਰਨ ਦੀ ਲੋੜ ਹੈ… ਢਾਂਚੇ ਦੇ ਸਬੰਧ ’ਚ ਸਪੱਸ਼ਟਤਾ ਦੀ ਲੋੜ ਹੈ।’ ਰਾਏਚੌਧਰੀ, ਜੋ ਕਿ ਹੁਣ ਰਣਨੀਤਕ ਵਿਚਾਰ ਮੰਚ ਰਿਸਰਚ ਸੈਂਟਰ ਫਾਰ ਈਸਟਰਨ ਐਂਡ ਨਾਰਥ ਈਸਟਰਨ ਸਟੱਡੀਜ਼ ਦੇ ਮੁਖੀ ਹਨ, ਨੇ ਕਿਹਾ, ‘ਉਦਾਹਰਨ ਵਜੋਂ, ਸਮੁੰਦਰ ਦੇ ਨੇੜੇ ਪ੍ਰਾਇਦੀਪ ਭਾਰਤ ਵਾਸਤੇ ਥੀਏਟਰ ਕਮਾਂਡ ਢਾਂਚਾ ਉੱਤਰੀ ਭਾਰਤ ਤੋਂ ਵੱਖਰਾ ਹੋਣਾ ਚਾਹੀਦਾ ਹੈ, ਜੋ ਚਾਰੇ ਪਾਸਿਓਂ ਜ਼ਮੀਨ ਨਾਲ ਘਿਰਿਆ ਹੋਵੇ।’
ਜ਼ਿਕਰਯੋਗ ਹੈ ਕਿ ਭਾਰਤ ਤਿੰਨੋਂ ਫ਼ੌਜਾਂ, ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਵਿਚਾਲੇ ਬੇਹਤਰ ਤਾਲਮੇਲ ਲਈ ਇੱਕ ਥੀਏਟਰ ਕਮਾਂਡ ਢਾਂਚਾ ਲਾਗੂ ਕਰਨਾ ਚਾਹੁੰਦਾ ਹੈ, ਜਿਸ ਵਿੱਚ ਲੱਗਪਗ 17 ਵੱਖ-ਵੱਖ ਕਮਾਂਡਾਂ ਦੀ ਬਜਾਏ ਚਾਰ ਤੋਂ ਪੰਜ ਏਕੀਕ੍ਰਿਤ ਕਮਾਂਡਾਂ ਹੋਣਗੀਆਂ। ਚੀਫ ਆਫ ਸਟਾਫ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਰਾਏਚੌਧਰੀ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਸਣੇ ਕਈ ਹੋਰ ਮੁਲਕਾਂ ਨੇ ਥੀਏਟਰ ਕਮਾਂਡ ਦੀ ਧਾਰਨਾ ਲਾਗੂੁ ਕੀਤੀ ਹੈ, ਪਰ ‘ਜ਼ਮੀਨੀ ਪੱਧਰ ’ਤੇ ਰਿਪੋਰਟਾਂ ਹਮੇਸ਼ਾ ਢੁੱਕਵੀਂ ਨਹੀਂ ਰਹੀ ਹਨ।’ ਉਨ੍ਹਾਂ ਕਿਹਾ ਕਿ ਪ੍ਰਣਾਲੀਆਂ ਦੇ ਅਧਿਐਨ ਕਰਨ ਅਤੇ ਇਹ ਨਿਰਧਾਰਿਤ ਕਰਨ ਦੀ ਲੋੜ ਹੈ ਕਿ ਭਾਰਤੀ ਸਥਿਤੀਆਂ ਦੇ ਮੁਤਾਬਕ ਕੀ ਢੁੱਕਵਾਂ ਹੋਵੇਗਾ। ਭਾਰਤ ਨੂੰ ਨਾ ਸਿਰਫ ਦਹਿਸ਼ਤਗਰਦ ਗੁੱਟਾਂ ਤੋਂ ਸੰਭਾਵਿਤ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਬਲਕਿ ਚੀਨ ਦੇ ਮੱਦੇਨਜ਼ਰ ਵੀ ਫ਼ੌਜੀ ਸ਼ਕਤੀ ਦਾ ਨਿਰਮਾਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘ਸਾਨੂੰ ਉਹ ਪੱਧਰ ਹਾਸਲ ਕਰਨ ਲਈ ਕੋਸ਼ਿਸ਼ ਕਰਨੀ ਪਵੇਗੀ, ਜਿਸ ਨੂੰ ਚੀਨ ਹਾਸਲ ਕਰ ਚੁੱਕਾ ਹੈ।’ -ਪੀਟੀਆਈ