ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਜਨਵਰੀ
ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਚਾਰੋਂ ਮੁੱਖ ਮਾਰਗਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਨੌਜਵਾਨਾਂ ਦੇ ਵੱਖ-ਵੱਖ ਗਰੁੱਪਾਂ ਵੱਲੋਂ ਮੰਚਾਂ ਤੋਂ ਗੀਤ ਗਾ ਕੇ ਕਿਸਾਨਾਂ ਵਿੱਚ ਜੋਸ਼ ਭਰਿਆ ਜਾ ਰਿਹਾ ਹੈ।
ਕ੍ਰਾਂਤੀਕਾਰੀ ਸੰਸਕ੍ਰਿਤੀ ਮੰਚ ਵੱਲੋਂ ਗਾਜ਼ੀਪੁਰ ਬਾਰਡਰ ’ਤੇ ਮੁੱਖ ਮੰਚ ਤੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ ਜੋ ਲੋਕ ਸੰਘਰਸ਼ਾਂ ਦੀ ਜਿੱਤ ਦੀ ਨਿਸ਼ਾਨਦੇਹੀ ਕਰ ਰਹੇ ਸਨ। ਮੋਰਚਿਆਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਤੇ ਉਨ੍ਹਾਂ ਦੇ ਚਾਚਾ ਅਜੀਤ ਸਿੰਘ ਦੀ ਪੱਗੜੀ ਸੰਭਾਲ ਜੱਟਾ ਲਹਿਰ ਦਾ ਜ਼ਿਕਰ ਲਾਜ਼ਮੀ ਹੋ ਰਿਹਾ ਹੈ। ਇਸੇ ਤਰ੍ਹਾਂ ਯੂਥ ਫਾਰ ਸੁਸਾਇਟੀ ਵੱਲੋਂ ਵੀ ਨਵੇਂ ਰੰਗ ਦੇ ਗੀਤ ਸਿੰਘੂ ਬਾਰਡਰ ’ਤੇ ਟੋਲੀ ਦੇ ਰੂਪ ਵਿੱਚ ਘੁੰਮ-ਫਿਰ ਕੇ ਗਾਏ ਜਾ ਰਹੇ ਹਨ। ਖੱਬੀਆਂ ਧਿਰਾਂ ਨਾਲ ਜੁੜੀਆਂ ਨੌਜਵਾਨਾਂ ਦੀਆਂ ਟੀਮਾਂ ਵੱਲੋਂ ਡੱਫਲੀ ਨਾਲ ਪੇਸ਼ ਕੀਤੇ ਜਾ ਰਹੇ ਇਨਕਲਾਬੀ ਗੀਤਾਂ ਨੂੰ ਕਿਸਾਨ ਚਾਅ ਨਾਲ ਸੁਣਦੇ ਹਨ। ਇਹ ਟੋਲੀਆਂ ਮੋਰਚਿਆਂ ਵਿੱਚ ਘੁੰਮ-ਘੁੰਮ ਕੇ ਜਿੱਥੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੀਆਂ ਹਨ ਉੱਥੇ ਹੀ ਨੌਜਵਾਨ ਗੀਤਾਂ ਦੀ ਛਹਬਿਰ ਲਾਉਂਦੇ ਹਨ।
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐੱਸਐੱਫ) ਦੇ ਕੌਮੀ ਜਨਰਲ ਸਕੱਤਰ ਵਿੱਕੀ ਮਹੇਸ਼ਰੀ ਨੇ ਦੱਸਿਆ ਕਿ ਮੋਰਚਿਆਂ ’ਤੇ ਪੱਕੇ ਤੌਰ ’ਤੇ ਟਿਕੇ ਇਹ ਗਰੁੱਪ ਸਵੇਰੇ ਤੋਂ ਸ਼ਾਮ ਤੱਕ ਸਰਗਰਮ ਰਹਿੰਦੇ ਹਨ। ਕਾਬਜ਼ ਧਿਰਾਂ ਨਾਲ ਟੱਕਰ ਲੈਣਾ ਇਨ੍ਹਾਂ ਦਾ ਜਨੂੰਨ ਬਣ ਚੁੱਕਿਆ ਹੈ। ਵਿੱਕੀ ਨੇ ਦੱਸਿਆ ਕਿ ਮੋਗਾ ਤੋਂ ਆਈ ‘ਇਫਟਾ’ ਦੀ ਟੀਮ ਵੀ ਸਿੰਘੂ ਬਾਰਡਰ ’ਤੇ ਪੂਰੀ ਤਰ੍ਹਾਂ ਸਰਗਰਮ ਹੈ।