ਛਤਰਪੁਰ/ਜਬਲਪੁਰ(ਮੱਧ ਪ੍ਰਦੇਸ਼), 30 ਅਪਰੈਲ
ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਛੇੜਛਾੜ ਦਾ ਵਿਰੋਧ ਕਰਨ ’ਤੇ 25 ਸਾਲਾ ਮਹਿਲਾ ਨੂੰ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਚੱਲਦੀ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ। ਅੱਜ ਇੱਥੇ ਜਾਣਕਾਰੀ ਦਿੰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਖਜੁਰਾਹੋ ਨੇੜੇ ਬੁੱਧਵਾਰ ਰਾਤ ਨੂੰ ਵਾਪਰੀ। ਉਨ੍ਹਾਂ ਦੱਸਿਆ ਕਿ ਮਹਿਲਾ ਨੂੰ ਇਲਾਜ ਲਈ ਛਤਰਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਬਲਪੁਰ ਦੇ ਰੇਲਵੇ ਪੁਲੀਸ ਅਧਿਕਾਰੀ ਵਿਨਾਇਕ ਵਰਮਾ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਰੇਲ ਗੱਡੀ ਵਿੱਚ ਸਫ਼ਰ ਕਰ ਰਹੀ ਇੱਕ ਮਹਿਲਾ ਯਾਤਰੀ ਨੂੰ ਛੇੜਛਾੜ ਦਾ ਵਿਰੋਧ ਕਰਨ ’ਤੇ ਗੱਡੀ ਵਿੱਚੋਂ ਧੱਕਾ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਘਟਨਾ 27 ਅਪਰੈਲ ਦੀ ਰਾਤ ਖਜੁਰਾਹੋ (ਮੱਧ ਪ੍ਰਦੇਸ਼) ਅਤੇ ਮਾਹੋਬਾ (ਉੱਤਰ ਪ੍ਰਦੇਸ਼) ਸਟੇਸ਼ਨ ਵਿਚਾਲੇ ਇੱਕ ਯਾਤਰੂ ਗੱਡੀ ਵਿੱਚ ਵਾਪਰੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲੀਸ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਵੇਗੀ। ਪੁਲੀਸ ਨੇ ਦੱਸਿਆ ਕਿ ਪੀੜਤ ਮਹਿਲਾ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਬਾਗੇਸ਼ਵਰ ਧਾਮ ਮੰਦਰ ਵਿੱਚ ਦਰਸ਼ਨ ਕਰਨ ਮਗਰੋਂ ਦੇਰ ਰਾਤ ਘਰ ਵਾਪਸ ਜਾ ਰਹੀ ਸੀ। -ਪੀਟੀਆਈ