ਮਿਰਜ਼ਾਪੁਰ, 4 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੂਰਾ ਸੰਸਾਰ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ ਤੇ ਸੰਕਟ ਚਾਹੇ ਕਿੰਨਾ ਵੀ ਡੂੰਘਾ ਕਿਉਂ ਨਾ ਹੋਵੇ, ਭਾਰਤ ਦਾ ਜਵਾਬ ਹਮੇਸ਼ਾ ਵੱਡਾ ਹੁੰਦਾ ਹੈ। ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕਰੇਨ ਤੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਰਿਹਾ ਹੈ, ਤੇ ਜਿਹੜੇ ਹਾਲੇ ਵੀ ਉੱਥੇ ਫਸੇ ਹੋਏ ਹਨ, ਉਨ੍ਹਾਂ ਨੂੰ ਵੀ ਕੱਢਿਆ ਜਾਵੇਗਾ।
ਮੋਦੀ ਨੇ ਕਿਹਾ ਕਿ ਪੂਰਾ ਸੰਸਾਰ ਇਸ ਸਦੀ ਦੇ ‘ਨਾਜ਼ੁਕ ਦੌਰ’ ਵਿਚੋਂ ਲੰਘ ਰਿਹਾ ਹੈ। ਬਹੁਤ ਸਾਰੇ ਦੇਸ਼ ਮਹਾਮਾਰੀ ਕਾਰਨ ਪ੍ਰਭਾਵਿਤ ਹੋਏ ਹਨ, ਕਈ ਗੜਬੜੀਆਂ ਕਾਰਨ ਪ੍ਰਭਾਵਿਤ ਹਨ ਤੇ ਬੇਯਕੀਨੀ ਦਾ ਮਾਹੌਲ ਹੈ। ਯੂਕਰੇਨ-ਰੂਸ ਸੰਕਟ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਜਹਾਜ਼ ਉੱਥੇ ਜਾ ਰਹੇ ਹਨ ਤੇ ਵਿਦਿਆਰਥੀਆਂ ਨੂੰ ਲਿਆ ਰਹੇ ਹਨ। ਇਸ ਤੋਂ ਪਹਿਲਾਂ ਕਰੋਨਾ ਸੰਕਟ ਦੌਰਾਨ ਵੀ ਭਾਰਤ ਨੇ ਇਕ-ਇਕ ਨਾਗਰਿਕ ਨੂੰ ਵਾਪਸ ਲਿਆਂਦਾ ਸੀ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਸੰਕਟ ਦੌਰਾਨ ਵੀ ਨਾਗਰਿਕਾਂ ਨੂੰ ਭਾਰਤ ਲਿਆਂਦਾ ਗਿਆ। ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵੋਟਰਾਂ ਨੂੰ ‘ਪਰਿਵਾਰ ਵਾਦੀਆਂ’ ਤੇ ‘ਮਾਫੀਆਵਾਦੀਆਂ’ ਨੂੰ ਹਰਾਉਣ ਦਾ ਸੱਦਾ ਦਿੱਤਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਅੱਜ ਵਾਰਾਨਸੀ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ ਵੀ ਕੀਤਾ। -ਪੀਟੀਆਈ
ਅਖਿਲੇਸ਼ ਨੂੰ ਸਿਰਫ਼ ‘ਇਕ ਜਾਤੀ ਤੇ ਇਕ ਫ਼ਿਰਕੇ’ ਦਾ ਫ਼ਿਕਰ
ਗਾਜ਼ੀਪੁਰ: ਯੂਪੀ ਦੇ ਗਾਜ਼ੀਪੁਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਿਰਫ਼ ‘ਇਕ ਜਾਤੀ ਤੇ ਇਕ ਫ਼ਿਰਕੇ’ ਦਾ ਹੀ ਫ਼ਿਕਰ ਕਰਦੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ‘ਸਪਾ’ ’ਤੇ ਮੁਸਲਮਾਨਾਂ ਤੇ ਯਾਦਵਾਂ ਦਾ ਪੱਖ ਪੂਰਨ ਦਾ ਦੋਸ਼ ਲਾਉਂਦੇ ਰਹੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਯੂਪੀ ਚੋਣਾਂ ਰਾਜ ਦੇ ਲੱਖਾਂ ਪੱਛੜੇ ਵਰਗਾਂ ਅਤੇ ਦਲਿਤਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਹਨ। ਸ਼ਾਹ ਨੇ ਕਿਹਾ ਕਿ ਸਰਕਾਰ ਬਣਨ ’ਤੇ ਭਾਜਪਾ ਹੋਲੀ ਅਤੇ ਦੀਵਾਲੀ ’ਤੇ ਮੁਫ਼ਤ ਗੈਸ ਸਿਲੰਡਰ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਗਰੀਬਾਂ ਦੇ ਵਿਕਾਸ ਲਈ ਕੰਮ ਕੀਤਾ ਹੈ। ਸ਼ਾਹ ਨੇ ਕਿਸਾਨਾਂ ਲਈ ਮੁਫ਼ਤ ਬਿਜਲੀ ਦਾ ਵਾਅਦਾ ਵੀ ਕੀਤਾ। ਗਾਜ਼ੀਪੁਰ ਵਿਚ ਚੋਣਾਂ ਆਖ਼ਰੀ ਗੇੜ ਵਿਚ ਸੱਤ ਮਾਰਚ ਨੂੰ ਹੋਣਗੀਆਂ। -ਪੀਟੀਆਈ