ਨਵੀਂ ਦਿੱਲੀ, 26 ਜੂਨ
ਇੱਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ‘ਹਿੰਦੂਤਵ’ ਦੇ ਨਾਂ ’ਤੇ ਹਮਾਇਤ ਹਾਸਲ ਕਰਨ ’ਚ ਲੱਗੀ ਹੋਈ ਹੈ ਉੱਥੇ ਹੀ ਸੀਨੀਅਰ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਦਾ ਕਹਿਣਾ ਹੈ ਕਿ ਅਜੇ ਸਾਰਾ ਮੁਲਕ ਹਿੰਦੂਤਵ ਦੀ ਗ੍ਰਿਫ਼ਤ ’ਚ ਨਹੀਂ ਆਇਆ ਹੈ। ਸਲਮਾਨ ਖੁਰਸ਼ੀਦ ਨੇ ਕਿਹਾ, ‘ਇਹ ਅਜਿਹਾ ਮਸਲਾ ਨਹੀਂ ਹੈ ਜਿਸ ਨੂੰ ਮੈਂ ਕੁਝ ਸ਼ਬਦਾਂ ਵਿੱਚ ਸਮਝਾ ਸਕਾਂ। ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਾਰਾ ਮੁਲਕ ਹਿੰਦੂਤਵ ਦੇ ਕੰਟਰੋਲ ਹੇਠ ਆ ਗਿਆ ਹੈ। ਮੇਰੀ ਸਮਝ ਅਨੁਸਾਰ ਅਜਿਹਾ ਅਜੇ ਨਹੀਂ ਹੋਇਆ ਹੈ ਬਲਕਿ ਅਜੇ ਬਹੁਤ ਸਾਰੇ ਚੰਗੇ ਲੋਕ ਹਨ ਜੋ ਉਨ੍ਹਾਂ ਨਾਲ ਖੜ੍ਹਨਗੇ ਤੇ ਉਨ੍ਹਾਂ ਨੂੰ ਸੱਤਾ ’ਚ ਲਿਆਉਣਗੇ।’ ਉਨ੍ਹਾਂ ਕਿਹਾ, ‘ਜਦੋਂ ਕੋਈ ਸਰਕਾਰ ਨਵੇਂ ਸਿਆਸੀ ਵਿਚਾਰ ਨਾਲ ਆਉਂਦੀ ਹੈ ਤਾਂ ਲੋਕ ਵੀ ਇਸ ਤੋਂ ਫਾਇਦਾ ਲੈਂਦੇ ਹਨ। ਕੁਝ ਲੋਕ ਕਾਂਗਰਸ ਤੋਂ ਨਾਰਾਜ਼ ਹੋ ਕੇ ਭਾਜਪਾ ’ਚ ਗਏ ਹਨ ਪਰ ਇਹ ਸਥਾਈ ਨਹੀਂ ਹੈ।’ ਉਨ੍ਹਾਂ ਕਿਹਾ, ‘ਜੇਕਰ ਅਸੀਂ ਆਪਣਾ ਨਜ਼ਰੀਆ ਸਪੱਸ਼ਟ ਢੰਗ ਨਾਲ ਪੇਸ਼ ਨਾ ਕਰ ਸਕੇ ਤਾਂ ਦੂਜੇ ਆਪਣਾ ਨਜ਼ਰੀਆ ਜ਼ਰੂਰ ਉਭਾਰ ਲੈਣਗੇ। ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਕੋਲ ਕਹਿਣ ਨੂੰ ਕੁਝ ਨਹੀਂ ਹੈ। ਸਾਨੂੰ ਆਪਣੀ ਗੱਲ ਕਹਿਣੀ ਪਵੇਗੀ ਤੇ ਉਹ ਵੀ ਸਹੀ ਢੰਗ ਨਾਲ ਕਹਿਣੀ ਪਵੇਗੀ। ਅਸੀਂ ਯਕੀਨੀ ਤੌਰ ’ਤੇ ਭਾਰਤ ਨੂੰ ਉਸ ਰਾਹ ’ਤੇ ਮੋੜ ਲਿਆਵਾਂਗੇ ਜਿਸ ’ਤੇ ਉਹ ਆਜ਼ਾਦੀ ਤੋਂ ਬਾਅਦ ਚੱਲ ਰਿਹਾ ਸੀ।’ ਭਾਜਪਾ ਵੱਲੋਂ ਬੁਲਡੋਜ਼ਰਾਂ ਦੀ ਵਰਤੋਂ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਜੇ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣੀ ਚਾਹੀਦੀ ਹੈ। ਤੁਸੀਂ ਉਸ ਨੂੰ ਸਜ਼ਾ ਦੇਣ ਦਾ ਫ਼ੈਸਲਾ ਨਹੀਂ ਕਰੋਗੇ। -ਆਈਏਐੱਨਐੱਸ