ਇਕਬਾਲ ਸਿੰਘ ਸ਼ਾਂਤ
ਲੰਬੀ, 2 ਜੁਲਾਈ
ਇੱਥੇ ਲੰਬੀ ਥਾਣਾ ਵਿੱਚ ਅੱਜ ਬਾਅਦ ਦੁਪਹਿਰ ਅੱਗ ਲੱਗਣ ਕਾਰਨ ਮਾਲਖਾਨੇ ਵਿਚ ਕਰੀਬ 60 ਮੋਟਰਸਾਈਕਲ ਅਤੇ ਲਗਪਗ ਦਸ ਕਾਰਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਮੁੱਢਲਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਫਾਇਰ ਅਮਲੇ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਬਾਅਦ ਅੱਗ ਉੱਪਰ ਕਾਬੂ ਪਾਇਆ ਗਿਆ। ਲੰਬੀ ਥਾਣੇ ਦੀ ਕਰੀਬ ਸੌ ਸਾਲ ਪੁਰਾਣੀ ਇਮਾਰਤ ਦੀ ਚਾਰਦੀਵਾਰੀ ਵਿਚ ਮਾਲਖਾਨਾ ਬਣਿਆ ਹੋਇਆ ਹੈ। ਇੱਥੇ ਵੱਡੀ ਗਿਣਤੀ ਵਿੱਚ ਵੱਖ-ਵੱਖ ਮੁਕੱਦਮਿਆਂ ਨਾਲ ਸਬੰਧਤ ਦੁਪਹੀਆ ਅਤੇ ਚਾਰਪਹੀਆ ਵਾਹਨ ਖੜ੍ਹੇ ਹਨ। ਮਾਲਖਾਨੇ ਵਿੱਚ ਅੱਗ ਲੱਗਣ ਬਾਰੇ ਜਦੋਂ ਤੱਕ ਪੁਲੀਸ ਨੂੰ ਸੂਚਨਾ ਮਿਲੀ, ਤਦ ਤੱਕ ਵੱਡੀ ਗਿਣਤੀ ਵਾਹਨ ਅੱਗ ਦੀ ਭੇਟ ਚੜ੍ਹ ਚੁੱਕੇ ਸਨ। ਮਲੋਟ ਦੇ ਡੀਐੱਸਪੀ ਭੁਪਿੰਦਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਹਾਦਸੇ ਦੇ ਹਾਲਾਤ ਦਾ ਜਾਇਜ਼ਾ ਲਿਆ। ਹਾਦਸੇ ਵਿਚ ਸੜੇ ਵਾਹਨਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾਂਦੀ ਹੈ। ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਲਖਾਨੇ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਾਰਨ ਅੱਗ ਲੱਗ ਗਈ। ਇਸ ਕਾਰਨ 50-60 ਮੋਟਰਸਾਈਕਲ ਅਤੇ ਦਸ ਕਾਰਾਂ ਅੱਗ ਦੀ ਲਪੇਟ ਵਿਚ ਆ ਗਈਆਂ।