ਮੁੰਬਈ, 26 ਅਕਤੂਬਰ
ਅਦਾਕਾਰਾ ਕੰਗਨਾ ਰਣੌਤ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦਰਮਿਆਨ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਅਦਾਕਾਰਾ ਨੇ ਠਾਕਰੇ ਨੂੰ ‘ਕੁਨਬਾਪ੍ਰਸਤੀ ਦੀ ਸਭ ਤੋਂ ਮਾੜੀ ਮਿਸਾਲ’ ਕਰਾਰ ਦਿੱਤਾ ਹੈ। ਰਣੌਤ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ‘ਗਾਂਜਾ ਪੈਦਾ ਕਰਨ ਵਾਲੀ ਧਰਤੀ’ ਨਹੀਂ ਬਲਕਿ ਦੇਵਾਂ ਦੀ ਭੂਮੀ ਹੈ। ਠਾਕਰੇ ਨੇ ਲੰਘੇ ਦਿਨ ਦਸਹਿਰੇ ਮੌਕੇ ਕੀਤੀ ਤਕਰੀਰ ਦੌਰਾਨ ਕੰਗਨਾ ਦੇ ਅਸਿੱਧੇ ਹਵਾਲੇ ਨਾਲ ਕਿਹਾ ਸੀ ਕਿ ‘ਕੁਝ ਲੋਕ ਜੋ ਆਪਣੇ ਪਿੱਤਰੀ ਰਾਜਾਂ ਵਿੱਚ ਰੁਜ਼ਗਾਰ ਨਾ ਮਿਲਣ ਮਗਰੋਂ ਰੋਜ਼ੀ ਰੋਟੀ ਲਈ ਮੁੁੰਬਈ ਆਉਂਦੇ ਹਨ, ਮਗਰੋਂ ਇਸੇ ਨਾਲ ਧੋਖਾ ਕਰਦੇ ਹਨ।’ ਠਾਕਰੇ ਨੇ ਕਿਹਾ ਕਿ ਮੁੰਬਈ ਨੂੰ ਪੀਓਕੇ (ਮਕਬੂਜ਼ਾ ਕਸ਼ਮੀਰ) ਆਖਣਾ ਅਸਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਕਾਮੀ ਹੈ। ਠਾਕਰੇ ਨੇ ਕਿਹਾ, ‘ਜੋ ਲੋਕ ਅੱਜ ਬਿਹਾਰ ਦੇ ਪੁੱਤ ਲਈ ਨਿਆਂ ਮੰਗਣ ਲਈ ਸੰਘ ਪਾੜ ਰਹੇ ਹਨ, ਉਹੀ ਮਹਾਰਾਸ਼ਟਰ ਦੇ ਪੁੱਤ ਦੀ ਕਿਰਦਾਰਕੁਸ਼ੀ ਵਿੱਚ ਸ਼ਾਮਲ ਹਨ।’ ਰਣੌਤ ਨੇ ਬੀਤੇ ਵਿੱਚ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕੀਤੀ ਸੀ, ਜਿਸ ਮਗਰੋਂ ਸ਼ਿਵ ਸੈਨਾ ਤੇ ਉਸ ਦਰਮਿਆਨ ਸ਼ਬਦੀ ਜੰਗ ਛਿੜ ਗਈ ਸੀ।
ਆਪਣੇ ਤੇਜ਼ ਤਰਾਰ ਬਿਆਨਾਂ ਲਈ ਮਕਬੂਲ ਰਣੌਤ ਨੇ ਠਾਕਰੇ ਦੇ ਉਪਰੋਕਤ ਬਿਆਨਾਂ ਦਾ ਲੜੀਵਾਰ ਟਵੀਟਾਂ ਤੇ ਇਕ ਵੀਡੀਓ ਰਾਹੀਂ ਜਵਾਬ ਦਿੰਦਿਆਂ ਕਿਹਾ ਕਿ ਠਾਕਰੇ ਨੇ ਆਪਣੀ ਇਕ ਤਕਰੀਰ ’ਚ ਉਸ ਨੂੰ ‘ਨਮਕ ਹਰਾਮ’ ਆਖ ਕੇ ਉਸ ਨਾਲ ਬਦਜ਼ੁਬਾਨੀ ਕੀਤੀ ਸੀ। ਕੰਗਨਾ ਨੇ ਕਿਹਾ, ‘ਮੁੱਖ ਮੰਤਰੀ ਵਜੋਂ ਤੁਸੀਂ ਪੂਰੇ ਰਾਜ ਦਾ ਸਤਿਕਾਰ ਘਟਾਇਆ ਹੈ, ਕਿਉਂਕਿ ਤੁਸੀਂ ਇਕ ਔਰਤ ਤੋਂ ਨਾਰਾਜ਼ ਹੋ, ਜੋ ਤੁਹਾਡੇ ਪੁੱਤ ਦੀ ਉਮਰ ਦੀ ਹੈ।’ ਅਦਾਕਾਰਾ ਨੇ ਕਿਹਾ ਪਹਿਲਾਂ ਸ਼ਿਵ ਸੈਨਾ ਆਗੂ ਸੰਜੈ ਰਾਊਤ ਤੇ ਹੁਣ ਠਾਕਰੇ ਨੇ ਉਸ ਨਾਲ ਬਦਸਲੂਕੀ ਕੀਤੀ ਹੈ। ਕੰਗਨਾ ਨੇ ਕਿਹਾ, ‘ਸ਼ਰਮ ਕਰੋ। ਮੈਂ ਤੁਹਾਡੇ ਪੁੱਤ ਦੀ ਉਮਰ ਦੀ ਹਾਂ। ਕੀ ਤੁਸੀਂ ਇਕ ਔਰਤ, ਜੋ ਆਪਣੇ ਸਿਰ ’ਤੇ ਬਣੀ ਹੈ, ਨਾਲ ਇੰਜ ਗੱਲਬਾਤ ਕਰਦੇ ਹੋ। ਮੁੱਖ ਮੰਤਰੀ, ਤੁਸੀਂ ਕੁਨਬਾਪ੍ਰਸਤੀ ਦਾ ਸਭ ਤੋਂ ਮਾੜਾ ਉਤਪਾਦ ਹੋ।’ -ਪੀਟੀਆਈ