ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਸਤੰਬਰ
ਦਿੱਲੀ ਨੇੜੇ ਨੋਇਡਾ ਦੀ ਹਾਊਸਿੰਗ ਸੁਸਾਇਟੀ ਵਿੱਚ ਅੱਜ ਸਵੇਰੇ ਚਾਰਦੀਵਾਰੀ ਲਈ ਕੀਤੀ ਛੇ ਫੁੱਟ ਉੱਚੀ ਤੇ ਦਸ ਫੁੱਟ ਲੰਮੀ ਕੰਧ ਡਿੱਗਣ ਨਾਲ ਚਾਰ ਮਜ਼ਦੂਰ ਹਲਾਕ ਜਦੋਂਕਿ ਅੱਠ ਹੋਰ ਜ਼ਖ਼ਮੀ ਹੋ ਗਏ। ਸੈਕਟਰ 21 ਦੇ ਜਲਵਾਯੂ ਵਿਹਾਰ ਵਿੱਚ ਜਦੋਂ ਇਹ ਕੰਧ ਡਿੱਗੀ ਉਦੋਂ ਸੁਸਾਇਟੀ ਨੇੜੇ ਡਰੇਨ ਦੀ ਮੁਰੰਮਤ ਦਾ ਕੰਮ ਚਲ ਰਿਹਾ ਸੀ। ਨੋਇਡਾ ਦੇ ਸੈਕਟਰ 20 ਪੁਲੀਸ ਸਟੇਸ਼ਨ ਦੀ ਟੀਮ ਨੇ ਮਜ਼ਦੂਰ ਸਪਲਾਈ ਕਰਨ ਵਾਲੇ ਠੇਕੇਦਾਰ ਗੁਲ ਮੁਹੰਮਦ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਨੂੰ ਢੁੱਕਵਾਂ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਕੀਤੇ ਹਨ।
ਨੋਇਡਾ ਦੇ ਵਧੀਕ ਡੀਸੀਪੀ ਆਸ਼ੂਤੋਸ਼ ਦਿਵੇਦੀ ਨੇ ਕਿਹਾ, ‘‘ਮਲਬੇ ਹੇਠੋਂ ਕੁੱਲ 12 ਮਜ਼ਦੂਰਾਂ ਨੂੰ ਕੱਢਿਆ ਗਿਆ। ਇਨ੍ਹਾਂ ਵਿਚੋਂ ਚਾਰ ਦੀ ਮੌਤ ਹੋ ਗਈ ਜਦੋਂਕਿ ਬਾਕੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।’’ ਮ੍ਰਿਤਕਾਂ ਦੀ ਪਛਾਣ ਪੁਸ਼ਪੇਂਦਰ ਸਿੰਘ(25), ਪੰਨਾ ਲਾਲ (25), ਅਮਿਤ (18), ਸਾਰੇ ਵਾਸੀ ਬਦਾਯੂੰ (ਯੂਪੀ) ਤੇ ਧਰਮਵੀਰ ਵਾਸੀ ਜ਼ਿਲ੍ਹਾ ਸੰਭਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੈਕਟਰ-20 ਕੋਤਵਾਲੀ ਪੁਲੀਸ ਤੇ ਫਾਇਰ ਬ੍ਰਿਗੇਡ ਨੇ ਪੰਜ ਜੇਸੀਬੀ ਦੀ ਮਦਦ ਨਾਲ ਮਲਬਾ ਹਟਾ ਕੇ ਕੰਧ ਹੇਠਾਂ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਗੰਭੀਰ ਜ਼ਖ਼ਮੀ ਹੋਏ ਚਾਰ ਮਜ਼ਦੂਰਾਂ ’ਚੋਂ ਦੋ ਨੂੰ ਸੈਕਟਰ-27 ਦੇ ਕੈਲਾਸ਼ ਹਸਪਤਾਲ ਅਤੇ ਦੋ ਹੋਰਨਾਂ ਨੂੰ ਸੈਕਟਰ-30 ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦਾ ਪਤਾ ਲੱਗਦੇ ਹੀ ਪੁਲੀਸ ਕਮਿਸ਼ਨਰ (ਕਾਨੂੰਨ ਤੇ ਵਿਵਸਥਾ) ਲਵ ਕੁਮਾਰ, ਡੀਸੀਪੀ ਹਰੀਸ਼ ਚੰਦਰ, ਸੀਐਫਓ ਅਰੁਣ ਕੁਮਾਰ ਸਿੰਘ, ਏਸੀਪੀ ਨੋਇਡਾ ਰਜਨੀਸ਼ ਵਰਮਾ ਤੇ ਨੋਇਡਾ ਅਥਾਰਿਟੀ ਦੀ ਸੀਈਓ ਰਿਤੂ ਮਹੇਸ਼ਵਰੀ ਮੌਕੇ ’ਤੇ ਪੁੱਜ ਗਏ।
ਮਹੇਸ਼ਵਰੀ ਨੇ ਕਿਹਾ ਕਿ ਜਦੋਂ ਕੰਧ ਡਿੱਗੀ ਉਦੋਂ ਡਰੇਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਕਿਹਾ, ‘‘ਜਲਵਾਯੂ ਵਿਹਾਰ ਸੁਸਾਇਟੀ ਕਾਫ਼ੀ ਪੁਰਾਣੀ ਹੈ। ਚਾਰਦੀਵਾਰੀ ਦੀ ਉਸਾਰੀ ਸੁਸਾਇਟੀ ਵੱਲੋਂ ਖੁ਼ਦ ਕੀਤੀ ਗਈ ਸੀ ਤੇ ਕੰਧ ਕਮਜ਼ੋਰ ਲਗਦੀ ਸੀ।’’ ਯੂਪੀ ਦੇ ਕੈਬਨਿਟ ਮੰਤਰੀ ਨੰਦ ਗੋਪਾਲ ਗੁਪਤਾ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਕਮੇਟੀ ਗਠਿਤ ਕਰ ਦਿੱਤੀ ਹੈ, ਜੋ 15 ਦਿਨਾਂ ’ਚ ਸਰਕਾਰ ਨੂੰ ਰਿਪੋਰਟ ਦੇਵੇਗੀ।