ਟ੍ਰਿਬਿਊਨ ਨਿਊਜ਼ ਸਰਵਿਸ
ਭੀਮ (ਰਾਜਸਥਾਨ), 1 ਮਈ
ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦੀ ਭੀਮ ਤਹਿਸੀਲ ਦੇ ਪਾਟਿਆ ਕਾ ਚੌੜਾ ਵਿੱਚ ‘ਮਈ ਮੇਲੇ’ ਮੌਕੇ ਇਕੱਠੇ ਹੋਏ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਦੇ ਅੱਠ ਹਜ਼ਾਰ ਤੋਂ ਵੱਧ ਮਜ਼ਦੂਰਾਂ ਅਤੇ ਕਿਸਾਨਾਂ ਨੇ ਅੱਜ ਲੋਕ ਹਿੱਤਾਂ ਲਈ ਇੱਕਜੁਟ ਹੋ ਕੇ ਸੰਘਰਸ਼ ਕਰਨ ਦਾ ਅਹਿਦ ਲਿਆ। ਲਗਪਗ 32 ਸਾਲ ਪਹਿਲਾਂ 1 ਮਈ 1990 ਨੂੰ ਇੱਥੇ ਹੀ ਮਜ਼ਦੂਰ-ਕਿਸਾਨ ਸ਼ਕਤੀ ਸੰਗਠਨ ਦੀ ਸਥਾਪਨਾ ਹੋਈ ਸੀ।
ਇਸ ਮੌਕੇ ਸਮਾਜ ਸੇਵਿਕਾ ਅਰੁਣਾ ਰਾਏ ਨੇ ਕਿਹਾ ਕਿ ਇਸ ਸਾਲ ਦਾ ‘ਮਈ ਮੇਲਾ’ ਉਨ੍ਹਾਂ ਸਾਥੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੂੰ ਉਹ ਪਿਛਲੇ ਸਮੇਂ ਵਿੱਚ ਗੁਆ ਚੁੱਕੇ ਹਨ। ਵੇਰਵਿਆਂ ਅਨੁਸਾਰ ਨਾਰਾਇਣ ਸਿੰਘ ਅਤੇ ਰਣਜੀਤ 9 ਜਨਵਰੀ 2022 ਨੂੰ ਇੱਕੋ ਦਿਨ ਹੀ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੱਸਿਆ ਕਿ ਨਾਰਾਇਣ ਸਿੰਘ ਸੰਗਠਨ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਜਥੇਬੰਦੀ ਨਾਲ ਜੁੜ ਗਏ ਸਨ। ਉਹ ਤਿੰਨ ਦਹਾਕੇ ਤੋਂ ਵੱਧ ਸਮਾਂ ਜਥੇਬੰਦੀ ਨਾਲ ਜੁੜੇ ਰਹੇ। ਇਸੇ ਤਰ੍ਹਾਂ ਉਨ੍ਹਾਂ ਸਾਥੀ ਆਸੂ ਸਿੰਘ, ਰਾਜੀ ਮਾਂ, ਗਣੇਸ਼ ਜੀ ਅਤੇ ਸ਼ੇਰ ਸਿੰਘ ਆਦਿ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੇ ਸਹਿਯੋਗ ਸਦਕਾ ਹੀ ਇਹ ਸੰਸਥਾ ਦੇਸ਼ ਵਿੱਚ ਸੂਚਨਾ ਦਾ ਅਧਿਕਾਰ ਅਤੇ ਰੁਜ਼ਗਾਰ ਸਬੰਧੀ ਕਾਨੂੰਨ ਬਣਵਾ ਸਕੀ ਹੈ, ਜਿਸ ਦਾ ਅੱਜ ਕਰੋੜਾਂ ਲੋਕ ਲਾਭ ਉਠਾ ਰਹੇ ਹਨ।
ਇਸ ਮੌਕੇ ਕੋਵਿਡ ਕਾਰਨ ਪੈਦਾ ਹੋਏ ਸੰਕਟ ਅਤੇ ਲੋਕਾਂ ਦੀ ਸਿਹਤ ਨਾਲ ਸਬੰਧਤ ਮੁੱਦਿਆਂ ਦੇ ਨਾਲ-ਨਾਲ ਨਰੇਗਾ ਨੂੰ ਸਹੀ ਢੰਗ ਨਾਲ ਚਲਾਉਣ, ਘੱਟੋ-ਘੱਟ ਉਜਰਤ ਨੂੰ ਵਾਜਬ ਦਰ ’ਤੇ ਵਧਾਉਣ, ਰਾਸ਼ਨ ਸਕੀਮ ਵਿੱਚ ਗਰੀਬਾਂ ਦੇ ਨਾਮ ਮੁੜ ਜੋੜਨ, ਭ੍ਰਿਸ਼ਟਾਚਾਰ ਖ਼ਤਮ ਕਰਨ ਅਤੇ ਸੂਬੇ ਵਿੱਚ ਜਵਾਬਦੇਹੀ ਕਾਨੂੰਨ ਲਾਗੂ ਕਰਨ ਆਦਿ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ‘ਐੱਨਐੱਮਐੱਮਐੱਸ’ ਐਪ ਦਾ ਉਹ ਸਵਾਗਤ ਕਰਦੇ ਹਨ ਪਰ ਇਸ ਵਿਚਲੀਆਂ ਤਕਨੀਕੀ ਸਮੱਸਿਆਵਾਂ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਮਜ਼ਦੂਰਾਂ ਵਿਰੁੱਧ ਬਣਾਏ ਗਏ ‘ਚਾਰ ਲੇਬਰ ਕਾਰਡਾਂ’ ਦੀ ਨਿਖੇਧੀ ਕਰਦੇ ਹਨ। ਇਹ ਹਰ ਮਜ਼ਦੂਰ ਦੇ ਹੱਕਾਂ ’ਤੇ ਹਮਲਾ ਹੈ। ਇਸ ਮੌਕੇ ਦਿੱਲੀ ਦੇ ਸੈਂਟਰ ਫਾਰ ਫਾਈਨਾਂਸ਼ੀਅਲ ਅਕਾਊਂਟੀਬਿਲਟੀ ਦੇ ਅਨਿਰਬਾਨ ਨੇ ਕਿਹਾ ਕਿ ਇਕ ਪਾਸੇ ਦੇਸ਼ ਦੇ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਆਪਣੀ ਰੋਜ਼ੀ-ਰੋਟੀ ਲਈ ਜੂਝਣਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ ਦੇ ਅਮੀਰ ਸਨਅਤਕਾਰਾਂ ਦੀ ਦੌਲਤ ਕਰੋਨਾ ਦੇ ਬਾਵਜੂਦ ਕਈ ਗੁਣਾ ਵਧ ਗਈ ਹੈ। ਭੀਮ ਇਲਾਕੇ ਦੇ ਵਿਧਾਇਕ ਸੁਦਰਸ਼ਨ ਸਿੰਘ ਨੇ ਕਿਹਾ ਕਿ ਉਹ ਮਜ਼ਦੂਰ-ਕਿਸਾਨ ਸ਼ਕਤੀ ਸੰਗਠਨ ਦੇ ਅਣਥੱਕ ਸੰਘਰਸ਼ ਅਤੇ ਜਜ਼ਬੇ ਨੂੰ ਸਲਾਮ ਕਰਦੇ ਹਨ।