ਨਵੀਂ ਦਿੱਲੀ (ਟਨਸ): ਭਾਰਤ ਨੇ ਆਪਣੀ ਕੋਵਿਡ ਵੈਕਸੀਨ ਨੀਤੀ ਵਿਚ ਤਬਦੀਲੀ ਕੀਤੀ ਹੈ। ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਟੀਕਾਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਲੈਬ ਵੱਲੋਂ ਜਿਨ੍ਹਾਂ ਕੇਸਾਂ ਦੀ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ, ਉਨ੍ਹਾਂ ਵਿਅਕਤੀਆਂ ਦਾ ਟੀਕਾਕਰਨ ਰਿਕਵਰੀ ਤੋਂ ਬਾਅਦ ਤਿੰਨ ਮਹੀਨੇ ਲਈ ਟਾਲ ਦਿੱਤਾ ਗਿਆ ਹੈ। ਸਿਹਤ ਮੰਤਰਾਲੇ ਨੇ ਕੌਮੀ ਤਕਨੀਕੀ ਸਲਾਹਕਾਰ ਗਰੁੱਪ ਦੀਆਂ ਕਈ ਸਿਫ਼ਾਰਿਸ਼ਾਂ ਮੰਨ ਲਈਆਂ ਹਨ। ਗਰੁੱਪ ਨੇ ਕਿਹਾ ਕਿ ਬਦਲਾਅ ਸਬੂਤਾਂ ’ਤੇ ਅਧਾਰਿਤ ਹਨ। ਜੇ ਵਿਅਕਤੀ ਪਹਿਲੀ ਡੋਜ਼ ਤੋਂ ਬਾਅਦ ਲਾਗ਼ ਦਾ ਸ਼ਿਕਾਰ ਹੁੰਦਾ ਹੈ, ਤਾਂ ਰਿਕਵਰੀ ਤੋਂ ਬਾਅਦ ਦੂਜੀ ਡੋਜ਼ ਤਿੰਨ ਮਹੀਨੇ ਲਈ ਟਾਲ ਦਿੱਤੀ ਜਾਵੇਗੀ। ਪਹਿਲਾਂ ਲਾਗੂ ਨੀਤੀ ਵਿਚ ਕਿਸੇ ਵੀ ਤਰ੍ਹਾਂ ਦੀ ਐਲਰਜੀ ਵਾਲੇ ਵਿਅਕਤੀਆਂ, ਗਰਭਵਤੀ ਤੇ ਦੁੱਧ ਚੁੰਘਾ ਰਹੀਆਂ ਮਾਵਾਂ ਨੂੰ ਟੀਕਾਕਰਨ ਤੋਂ ਬਾਹਰ ਰੱਖਿਆ ਗਿਆ ਸੀ। ਕੋਵਿਡ ਟੀਕਾਕਰਨ ਤੋਂ ਪਹਿਲਾਂ ਰੈਪਿਡ ਐਂਟੀਜਨ ਟੈਸਟ ਦੁਆਰਾ ਵੈਕਸੀਨ ਲੈਣ ਵਾਲਿਆਂ ਦੀ ਸਕਰੀਨਿੰਗ ਦੀ ਲੋੜ ਵੀ ਹੁਣ ਨਹੀਂ ਹੋਵੇਗੀ। ਜਿਨ੍ਹਾਂ ਨੂੰ ਐਂਟੀਬਾਡੀ ਜਾਂ ਪਲਾਜ਼ਮਾ ਦਿੱਤਾ ਗਿਆ ਹੈ, ਉਨ੍ਹਾਂ ਦਾ ਟੀਕਾਕਰਨ ਵੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਤਿੰਨ ਮਹੀਨੇ ਬਾਅਦ ਹੋਵੇਗਾ। ਵੈਕਸੀਨ ਲੱਗਣ ਤੋਂ 14 ਦਿਨ ਬਾਅਦ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ।