ਅਹਿਮਦਾਬਾਦ, 30 ਮਈ
ਅਮਰੀਕਾ ਦੇ ਰੱਖਿਆ ਵਿਭਾਗ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿੱਚ ਲਾਪਤਾ ਹੋਏ ਆਪਣੇ 400 ਤੋਂ ਵੱਧ ਫ਼ੌਜੀਆਂ ਦੀਆਂ ਅਸਥੀਆਂ ਨੂੰ ਖੋਜਣ ਲਈ ਯਤਨ ਤੇਜ਼ ਕਰ ਦਿੱਤੇ ਹਨ, ਜਿਸ ਦੇ ਲਈ ਉਸ ਨੇ ਗਾਂਧੀ ਨਗਰ ਸਥਿਤ ਕੌਮੀ ਫੋਰੈਂਸਕਿ ਸਾਇੰਸ ਯੂਨੀਵਰਸਿਟੀ (ਐੱਨਐੱਫਐੱਸਯੂ) ਨਾਲ ਹੱਥ ਮਿਲਾਇਆ ਹੈ। ਐੱਨਐੱਫਐੱਸਯੂ ਦੇ ਮਾਹਿਰ ਅਮਰੀਕਾ ਦੇ ਰੱਖਿਆ ਵਿਭਾਗ ਤਹਿਤ ਕੰਮ ਕਰਨ ਵਾਲੀ ਇੱਕ ਹੋਰ ਸੰਸਥਾ ਡੀਪੀਏਏ ਦੀ ਮਦਦ ਕਰਨਗੇ। ਡੀਪੀਏਏ ਅਜਿਹੀ ਸੰਸਥਾ ਹੈ, ਜੋ ਯੁੱੱਧ ਦੌਰਾਨ ਲਾਪਤਾ ਹੋਏ ਅਤੇ ਕੈਦੀ ਬਣਾਏ ਗਏ ਫ਼ੌਜੀਆਂ ਦਾ ਲੇਖਾ-ਜੋਖਾ ਰੱਖਦੀ ਹੈ। ਡੀਪੀਏਏ ਦੇ ਮਿਸ਼ਨ ਪ੍ਰਾਜੈਕਟ ਪ੍ਰਬੰਧਕ ਡਾ. ਗਾਰਗੀ ਜਾਨੀ ਨੇ ਕਿਹਾ, ‘‘ਦੂਜੇ ਵਿਸ਼ਵ ਯੁੱਧ, ਕੋਰਿਆਈ ਯੁੱਧ, ਵੀਅਤਨਾਮ ਯੁੱਧ ਅਤੇ ਸ਼ੀਤ ਯੁੱਧ ਦੌਰਾਨ ਅਮਰੀਕਾ ਦੇ 81,800 ਫੌਜੀ ਲਾਪਤਾ ਹੋਏ ਹਨ, ਜਿਨ੍ਹਾਂ ਵਿੱਚੋਂ 400 ਭਾਰਤ ਵਿੱਚ ਲਾਪਤਾ ਹੋਏ।’’ -ਪੀਟੀਆਈ