ਕਾਬੁਲ, 30 ਅਗਸਤ
ਕਾਬੁਲ ਦੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ ਰਾਕੇਟ ਅੱਜ ਨੇੜੇ ਸਥਿਤ ਘਰਾਂ ਉਤੇ ਡਿੱਗ ਗਏ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਨਾਲ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਭਲਕੇ ਅਮਰੀਕੀ ਫ਼ੌਜਾਂ ਦੇ ਅਫ਼ਗਾਨਿਸਤਾਨ ਵਿਚੋਂ ਨਿਕਲਣ ਦੀ ਆਖ਼ਰੀ ਤਰੀਕ ਹੈ। ਹਾਲਾਂਕਿ ਰਾਕੇਟ ਹਮਲਿਆਂ ਦੇ ਬਾਵਜੂਦ ਅਮਰੀਕੀ ਸੀ-17 ਕਾਰਗੋ ਜੈੱਟ ਹਾਮਿਦ ਕਰਜ਼ਾਈ ਕੌਮਾਂਤਰੀ ਹਵਾਈ ਅੱਡੇ ਤੋਂ ਲਗਾਤਾਰ ਉਡ ਰਹੇ ਹਨ ਤੇ ਲੈਂਡ ਵੀ ਕਰ ਰਹੇ ਹਨ। ਕਿਸੇ ਵੀ ਗਰੁੱਪ ਨੇ ਹਾਲੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਹਵਾਈ ਅੱਡੇ ਦੇ ਗੇਟਾਂ ਉਤੇ ਫਿਦਾਈਨ ਹਮਲਾ ਕੀਤਾ ਸੀ। ਇਸ ਵਿਚ 169 ਅਫ਼ਗਾਨ ਤੇ 13 ਅਮਰੀਕੀ ਸੈਨਿਕ ਮਾਰੇ ਗਏ ਸਨ। ਕਾਬੁਲ ਹਵਾਈ ਅੱਡਾ ’ਤੇ ਪਿਛਲੇ ਦੋ ਹਫ਼ਤਿਆਂ ਤੋਂ ਅਫਰਾ-ਤਫਰੀ ਦਾ ਮਾਹੌਲ ਹੈ। ਵੱਡੀ ਗਿਣਤੀ ਲੋਕ ਦੇਸ਼ ਛੱਡਣ ਲਈ ਕਾਹਲੇ ਹਨ। ਵਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਯਕੀਨ ਨਾਲ ਕਿਹਾ ਹੈ ਕਿ ਭਲਕ ਤੱਕ ਅਮਰੀਕਾ ਅਫ਼ਗਾਨਿਸਤਾਨ ਵਿਚ ਰਹਿੰਦੇ ਆਪਣੇ 300 ਨਾਗਰਿਕਾਂ ਨੂੰ ਕੱਢ ਲਏਗਾ। ਫਿਦਾਈਨ ਹਮਲੇ ਤੋਂ ਬਾਅਦ ਤਾਲਿਬਾਨ ਨੇ ਹਵਾਈ ਅੱਡੇ ਉਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਉਨ੍ਹਾਂ ਦੇ ਲੜਾਕੇ ਹਵਾਈ ਪੱਟੀ ਨੇੜੇ ਸਥਿਤ ਆਖ਼ਰੀ ਕੰਧ ਲਾਗੇ ਗਸ਼ਤ ਕਰ ਰਹੇ ਹਨ। ਰਾਕੇਟ ਹਮਲਿਆਂ ਲਈ ਇਕ ਵਾਹਨ ਦੀ ਵਰਤੋਂ ਕੀਤੀ ਗਈ ਜੋ ਕਿ ਕਾਬੁਲ ਦੇ ਚਾਹਰ-ਏ-ਸ਼ਹੀਦ ਇਲਾਕੇ ਵਿਚ ਮਿਲੀ ਹੈ। ਗੱਡੀ ਦੀਆਂ ਪਿਛਲੀਆਂ ਸੀਟਾਂ ਉਤੇ ਛੇ ਰਾਕੇਟ ਟਿਊਬਾਂ ਲਾਈਆਂ ਗਈਆਂ ਸਨ। ਵੇਰਵਿਆਂ ਮੁਤਾਬਕ ਇਸਲਾਮਿਕ ਸਟੇਟ ਤੇ ਹੋਰ ਅਤਿਵਾਦੀ ਸੰਗਠਨ ਇਸੇ ਤਰ੍ਹਾਂ ਵਾਹਨਾਂ ਵਿਚ ਟਿਊਬਾਂ ਲਾ ਕੇ ਰਾਕੇਟਾਂ ਨੂੰ ਨਿਸ਼ਾਨੇ ਦੇ ਕੋਲ ਲੈ ਜਾਂਦੇ ਹਨ ਤੇ ਹਮਲੇ ਨੂੰ ਅੰਜਾਮ ਦਿੰਦੇ ਹਨ। ਰਾਕੇਟ ਕਾਬੁਲ ਦੇ ਸਲੀਮ ਕਾਰਵਾਂ ਇਲਾਕੇ ਵਿਚ ਵੀ ਡਿਗੇ ਹਨ। ਇਹ ਰਿਹਾਇਸ਼ੀ ਇਲਾਕਾ ਹੈ ਤੇ ਹਵਾਈ ਅੱਡੇ ਤੋਂ ਤਿੰਨ ਕਿਲੋਮੀਟਰ ਦੂਰ ਹੈ। ਵਾਸ਼ਿੰਗਟਨ ਵਿਚ ਵਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਸ ਹਮਲੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਰਾਸ਼ਟਰਪਤੀ ਨੇ ਮੁੜ ਦੁਹਰਾਇਆ ਹੈ ਕਿ ਕਮਾਂਡਰਾਂ ਨੂੰ ਜੋ ਵੀ ਜ਼ਰੂਰੀ ਲੱਗਦਾ ਹੈ, ਉਸ ਲਈ ਦੁੱਗਣੇ ਯਤਨ ਕਰਨ ਦੀ ਖੁੱਲ੍ਹ ਹੈ ਤਾਂ ਕਿ ਅਮਰੀਕੀ ਬਲਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਕਾਬੁਲ ਹਵਾਈ ਅੱਡੇ ’ਤੇ ਹਰ 20 ਮਿੰਟ ਵਿਚ ਇਕ ਜਹਾਜ਼ ਉਡਾਣ ਭਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬਹੁਤੇ ਦੇਸ਼ ਆਪਣੇ ਮਿਸ਼ਨ ਅਫ਼ਗਾਨਿਸਤਾਨ ਵਿਚ ਖ਼ਤਮ ਕਰ ਚੁੱਕੇ ਹਨ ਤੇ ਹੁਣ ਬਸ ਅਮਰੀਕੀ ਫ਼ੌਜ ਹੀ ਉਡਾਣਾਂ ਭਰ ਰਹੀ ਹੈ। ਇਕ ਅਫ਼ਗਾਨ ਅਧਿਕਾਰੀ ਨੇ ਅੱਜ ਦੱਸਿਆ ਕਿ ਐਤਵਾਰ ਅਮਰੀਕੀ ਫ਼ੌਜ ਵੱਲੋਂ ਇਸਲਾਮਿਕ ਸਟੇਟ ਦੇ ਫਿਦਾਈਨ ਦੇ ਵਾਹਨ ਉਤੇ ਕੀਤੇ ਗਏ ਡਰੋਨ ਹਮਲੇ ਵਿਚ ਤਿੰਨ ਬੱਚੇ ਵੀ ਮਾਰੇ ਗਏ ਹਨ। ਅਮਰੀਕੀ ਜਲ ਸੈਨਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਸ ’ਤੇ ਅਫ਼ਸੋਸ ਜ਼ਾਹਿਰ ਕੀਤਾ ਹੈ। ਦੱਸਣਯੋਗ ਹੈ ਕਿ ਭਲਕ ਤੱਕ ਅਮਰੀਕਾ 114,000 ਅਫ਼ਗਾਨਾਂ ਤੇ ਵਿਦੇਸ਼ੀਆਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢ ਚੁੱਕਾ ਹੋਵੇਗਾ। ਇਹ ਮੁਹਿੰਮ ਦੋ ਹਫ਼ਤੇ ਚੱਲੀ ਹੈ ਤੇ 20 ਸਾਲ ਜੰਗ ਲੜਨ ਤੋਂ ਬਾਅਦ ਭਲਕੇ ਅਮਰੀਕਾ ਅਫ਼ਗਾਨਿਸਤਾਨ ਨੂੰ ਅਲਵਿਦਾ ਕਹਿ ਦੇਵੇਗਾ। ਅਫ਼ਗਾਨੀ ਲੋਕ ਅਜੇ ਵੀ ਡਰੇ ਹੋਏ ਹਨ ਕਿ ਅਮਰੀਕਾ ਦੇ ਜਾਣ ਤੋਂ ਬਾਅਦ ਤਾਲਿਬਾਨ ਆਪਣਾ ਪਹਿਲਾਂ ਵਾਲਾ ਕਠੋਰ ਰਵੱਈਆ ਅਪਣਾ ਲਏਗਾ ਤੇ ਮਨੁੱਖੀ ਹੱਕਾਂ ਦਾ ਘਾਣ ਹੋਵੇਗਾ।
ਆਖ਼ਰੀ ਸੂਚਨਾ ਮਿਲਣ ਤੱਕ ਕਾਬੁਲ ਹਵਾਈ ਅੱਡੇ ਤੋਂ ਅਮਰੀਕਾ ਦਾ ਅੰਤਿਮ ਜਹਾਜ਼ ਉਡਾਣ ਭਰਨ ਲਈ ਤਿਆਰ ਸੀ ਤੇ ਲਗਭਗ ‘ਦੂਤਾਵਾਸ ਦਾ ਪੂਰਾ ਸਟਾਫ਼’ ਸੋਮਵਾਰ ਉੱਥੋਂ ਨਿਕਲ ਗਿਆ ਹੈ। ਤਾਲਿਬਾਨ ਇਸਮਾਲਿਕ ਸਟੇਟ (ਖੋਰਾਸਾਨ ਸੂਬਾ) ਖ਼ਿਲਾਫ਼ ਵੀ ਕਾਰਵਾਈ ਕਰ ਰਿਹਾ ਹੈ। ਰੂਸ ਦੇ ਰਾਜਦੂਤ ਮੁਤਾਬਕ ਆਈਐੱਸਕੇਪੀ ਦੇ ਦੋ ਅਤਿਵਾਦੀਆਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀਆਂ ਕਾਬੁਲ ਵਿਚ ਹੋਏ ਹਮਲੇ ਮਗਰੋਂ ਹੋਈਆਂ ਹਨ ਜਿਸ ਦੀ ਜ਼ਿੰਮੇਵਾਰੀ ਆਈਐੱਸ ਨੇ ਲਈ ਸੀ। ਗ੍ਰਿਫ਼ਤਾਰ ਅਤਿਵਾਦੀ ਮਲੇਸ਼ੀਆ ਦੇ ਨਾਗਰਿਕ ਹਨ। ਅੱਜ ਤਾਲਿਬਾਨ ਤੇ ਕਾਰਜਕਾਰੀ ਉੱਚ ਸਿੱਖਿਆ ਮੰਤਰੀ ਅਬਦੁਲ ਬਕੀ ਹੱਕਾਨੀ ਨੇ ਕਿਹਾ ਕਿ ਲੜਕੀਆਂ ਲਈ ਸਕੂਲਾਂ-ਕਾਲਜਾਂ ਵਿਚ ਵੱਖਰੇ ਕਲਾਸਰੂਮ ਹੋਣਗੇ। ਉਨ੍ਹਾਂ ਨੂੰ ਪੜ੍ਹਨ ਦਾ ਪੂਰਾ ਹੱਕ ਹੋਵੇਗਾ। -ਏਪੀ
ਲੋਕਾਂ ਨੂੰ ਦੇਸ਼ ਛੱਡਣ ਤੋਂ ਨਹੀਂ ਰੋਕੇਗਾ ਤਾਲਿਬਾਨ
ਅਮਰੀਕੀ ਵਿਦੇਸ਼ ਵਿਭਾਗ ਨੇ ਅੱਜ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਨਾਟੋ ਸਣੇ 100 ਮੁਲਕਾਂ ਨੂੰ ਤਾਲਿਬਾਨ ਨੇ ‘ਯਕੀਨ’ ਦਿਵਾਇਆ ਹੈ ਕਿ ਜਿਨ੍ਹਾਂ ਲੋਕਾਂ ਕੋਲ ਯਾਤਰਾ ਦਸਤਾਵੇਜ਼ ਹਨ, ਉਹ ਦੇਸ਼ ਛੱਡਣ ਲਈ ਆਜ਼ਾਦ ਹਨ। ਤਾਲਿਬਾਨ ਨੇ ਕਿਹਾ ਹੈ ਕਿ ਭਲਕੇ ਅਮਰੀਕੀ ਫ਼ੌਜ ਦੇ ਜਾਣ ਤੋਂ ਬਾਅਦ ਉਹ ਹਵਾਈ ਅੱਡੇ ਤੋਂ ਆਮ ਆਵਾਜਾਈ ਬੰਦ ਨਹੀਂ ਕਰਨਗੇ। ਜਦਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਹਵਾਈ ਅੱਡੇ ਨੂੰ ਚਲਾਏਗਾ ਕੌਣ ਤੇ ਕਿਹੜੀ ਏਅਰਲਾਈਨ ਵਿਗੜੀਆਂ ਹਾਲਤਾਂ ਵਿਚ ਇੱਥੋਂ ਉਡਾਣਾਂ ਚਲਾਏਗੀ। ਤਾਲਿਬਾਨ ਨੇ ਹਾਲਾਂਕਿ ਪੱਛਮੀ ਤਾਕਤਾਂ ’ਤੇ ਹੱਲਾ ਨਾ ਬੋਲਣ ਦਾ ਅਹਿਦ ਕੀਤਾ ਹੈ ਪਰ ਇਸਲਾਮਿਕ ਸਟੇਟ (ਖੋਰਾਸਾਨ ਸੂਬਾ) ਵੱਡਾ ਖ਼ਤਰਾ ਬਣੀ ਹੋਈ ਹੈ।
ਅਮਰੀਕੀ ਵਿਦੇਸ਼ ਮੰਤਰੀ ਵੱਲੋਂ ਅਹਿਮ ਭਾਈਵਾਲਾਂ ਨਾਲ ਮੀਟਿੰਗ
ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਅਫ਼ਗਾਨਿਸਤਾਨ ਮੁੱਦੇ ’ਤੇ ਆਪਣੇ ਕਈ ਅਹਿਮ ਭਾਈਵਾਲਾਂ ਨਾਲ ਵਰਚੁਅਲ ਬੈਠਕ ਕੀਤੀ ਹੈ। ਬੈਠਕ ਵਿਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਯੂਕੇ, ਤੁਰਕੀ ਤੇ ਕਤਰ ਸ਼ਾਮਲ ਸਨ। ਇਸ ਤੋਂ ਇਲਾਵਾ ਯੂਰੋਪੀਅਨ ਯੂਨੀਅਨ ਤੇ ਨਾਟੋ ਦੇ ਨੁਮਾਇੰਦੇ ਵੀ ਹਾਜ਼ਰ ਸਨ। ਬੈਠਕ ਵਿਚ ਆਉਣ ਵਾਲੇ ਦਿਨਾਂ ਲਈ ਰਣਨੀਤੀ ਉਤੇ ਵਿਚਾਰ ਕੀਤਾ ਗਿਆ। -ਪੀਟੀਆਈ
ਪਾਕਿ ਵੱਲੋਂ ਤਾਲਿਬਾਨ ਦੇ ਕਬਜ਼ੇ ਹੇਠਲੇ ਮਜ਼ਾਰ-ਏ-ਸ਼ਰੀਫ਼ ਨੂੰ ਮੈਡੀਕਲ ਸਪਲਾਈ
ਇਸਲਾਮਾਬਾਦ: ਪਾਕਿਸਤਾਨ ਨੇ ਅੱਜ ਦੱਖਣੀ ਅਫ਼ਗਾਨਿਸਤਾਨ ਦੇ ਸ਼ਹਿਰ ਮਜ਼ਾਰ-ਏ-ਸ਼ਰੀਫ਼ ਨੂੰ ਮੈਡੀਕਲ ਸਪਲਾਈ ਮੁਹੱਈਆ ਕਰਵਾਈ। ਇਹ ਸ਼ਹਿਰ ਦੇਸ਼ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ ਜਿਸ ’ਤੇ ਤਾਲਿਬਾਨ ਨੇ 14 ਅਗਸਤ ਨੂੰ ਕਬਜ਼ਾ ਕਰ ਲਿਆ ਸੀ। ਪ੍ਰੈਸ ਆਫ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਵਿਸ਼ਵ ਸਿਹਤ ਸੰਗਠਨ ਨਾਲ ਸਬੰਧਤ ਜ਼ਰੂਰੀ ਮੈਡੀਕਲ ਸਾਮਾਨ ਕਾਰਗੋ ਜਹਾਜ਼ ਰਾਹੀਂ ਮਜ਼ਾਰ-ਏ-ਸ਼ਰੀਫ਼ ਹਵਾਈ ਅੱਡੇ ’ਤੇ ਪਹੁੰਚਾਇਆ ਗਿਆ। ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਸ਼ਹਿਰ ਵਿੱਚ ਇਹ ਪਹਿਲਾ ਜਹਾਜ਼ ਪਹੁੰਚਿਆ ਹੈ। ਇਹ ਪੁਸ਼ਟੀ ਪਾਕਿਸਤਾਨ ਦੇ ਅਫ਼ਗਾਨਿਸਤਾਨ ਨਾਲ ਸਬੰਧਤ ਸਫ਼ੀਰ ਮਨਸੂਰ ਅਹਿਮਦ ਖਾਨ ਨੇ ਕੀਤੀ। -ਪੀਟੀਆਈ
ਤਾਲਿਬਾਨ ਦਾ ‘ਸੁਪਰੀਮ ਲੀਡਰ’ ਕੰਧਾਰ ਪੁੱਜਾ, ਸਰਕਾਰ ਗਠਨ ਦੇ ਯਤਨ ਹੋਣਗੇ ਤੇਜ਼
ਨਵੀਂ ਦਿੱਲੀ: ਇਸਲਾਮਿਕ ਅਮੀਰਾਤ ਅਫ਼ਗਾਨਿਸਤਾਨ ਦਾ ‘ਸੁਪਰੀਮ ਲੀਡਰ’ ਮੁੱਲ੍ਹਾ ਹਬਿਾਤੁੱਲ੍ਹਾ ਅਖ਼ੂਨਜ਼ਾਦਾ ਕਿਸੇ ਅਣਪਛਾਤੀ ਥਾਂ ਤੋਂ ਕੰਧਾਰ ਪਹੁੰਚ ਗਿਆ ਹੈ। ਰਿਪੋਰਟਾਂ ਮੁਤਾਬਕ ਉਸ ਨੇ ਕੰਧਾਰ ਸੂਬੇ ਦੇ ਕੁਝ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਜਲਦੀ ਹੀ ਤਾਲਿਬਾਨ ਉਸ ਵੱਲੋਂ ਬਿਆਨ ਜਾਰੀ ਕਰੇਗਾ। ਤਾਲਿਬਾਨ ਦੇ ਇਸ ਚੋਟੀ ਦੇ ਆਗੂ ਦੀ ਦੁਨੀਆ ਨੇ ਇਕ ਹੀ ਫੋਟੋ ਹਾਲੇ ਤੱਕ ਦੇਖੀ ਹੈ। ਉਹ ਜਲਦੀ ਹੀ ਕਾਬੁਲ ਆ ਸਕਦਾ ਹੈ ਤੇ ਹੋਰਨਾਂ ਤਾਲਿਬਾਨ ਆਗੂਆਂ, ਸਿਆਸਤਦਾਨਾਂ ਨਾਲ ਮੀਟਿੰਗ ਕਰ ਸਕਦਾ ਹੈ। ਇਸ ਤੋਂ ਪਹਿਲਾਂ ਤਾਲਿਬਾਨ ਦਾ ਸਹਿ-ਸੰਸਥਾਪਕ ਮੁੱਲ੍ਹਾ ਅਬਦੁਲਗ਼ਨੀ ਬਰਾਦਰ ਵੀ ਕੰਧਾਰ ਪਹੁੰਚ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਆਪਣਾ ਪ੍ਰਸ਼ਾਸਨ ਕੰਧਾਰ ਤੋਂ ਚਲਾਏਗਾ। ਮੁੱਲ੍ਹਾ ਦੇ ਪਹੁੰਚਣ ਤੋਂ ਬਾਅਦ ਸਰਕਾਰ ਗਠਨ ਦੀ ਪ੍ਰਕਿਰਿਆ ਵਿਚ ਤੇਜ਼ੀ ਆਉਣ ਬਾਰੇ ਕਿਹਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਸੀ ਕਿ ਕੈਬਨਿਟ ਦੋ ਹਫ਼ਤਿਆਂ ਵਿਚ ਗਠਿਤ ਕੀਤੀ ਜਾ ਸਕਦੀ ਹੈ। -ਆਈਏਐਨਐੱਸ