ਦਿੱਲੀ/ਮਾਸਕੋ, 4 ਫਰਵਰੀ
ਵਲਾਦੀਮੀਰ ਪੂਤਿਨ ਸਰਕਾਰ ਨੇ ਅਮਰੀਕਾ ਤੇ ਯੂਰੋਪੀਨ ਯੂਨੀਅਨ ਨੂੰ ਦਿੱਤੀ ਸਖ਼ਤ ਚੇਤਾਵਨੀ ਵਿੱਚ ਸਾਫ਼ ਕਰ ਦਿੱਤਾ ਹੈ ਕਿ ਅਲੈਕਸੀ ਨਵਾਲਨੀ ਦੇ ਮਾਮਲੇ ਵਿੱਚ ਰੂਸ ਵੱਲੋਂ ਵਿਖਾਈ ਭਲਮਾਣਸੀ ਨੂੰ ਉਹਦੀ ਕਮੋਜ਼ਰੀ ਨਾ ਸਮਝਿਆ ਜਾਵੇ। ਰੂਸ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਨਵਾਲਨੀ, ਜਿਸ ਨੂੰ ਪੱਛਮੀ ਮੁਲਕਾਂ ਦੀ ਹਮਾਇਤ ਹੈ, ਮੁਲਕ ਵਿੱਚ ਪੂਤਿਨ ਵਿਰੋਧੀ ਮੁਜ਼ਾਹਰੇ ਵਿਉਂਤਣ ਕਰਕੇ ਕੌਮਾਂਤਰੀ ਮੀਡੀਆ ਦੀਆਂ ਸੁਰਖੀਆਂ ਵਿੱਚ ਆਇਆ ਸੀ। ਪਿਛਲੇ ਸਾਲ ਕਥਿਤ ਨਰਵ ਏਜੰਟ ਨਾਲ ਜ਼ਹਿਰ ਦਿੱਤੇ ਜਾਣ ਕਰਕੇ ਨਵਾਲਨੀ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਨਵਾਲਨੀ ਨੇ ਇਸ ਘਟਨਾ ਪਿੱਛੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਹੱਥ ਦੱਸਿਆ ਸੀ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਵੀ.ਲੈਵਰੋਵ ਨੇ ਜੋਰਡਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਏਮਨ ਸਫਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਦੌਰਾਨ ਪੱਛਮੀ ਮੁਲਕਾਂ ਵੱਲੋਂ ਨਵਾਲਨੀ ਦੀ ਪਿੱਠ ਥਾਪੜਨ ਦੀ ਨਿਖੇਧੀ ਕੀਤੀ ਸੀ। ਉਨ੍ਹਾਂ ਕਿਹਾ ਕਿ ਪੱਛਮੀ ਮੁਲਕ ਅਜਿਹਾ ਕਰਕੇ ਵੱਡੀ ਗ਼ਲਤੀ ਕਰ ਰਹੇ ਹਨ। ਲੈਵਰੋਵ ਨੇ ਕਿਹਾ, ‘ਪੱਛਮ ਵੱਲੋਂ ਅਲੈਕਸੀ ਨਵਾਲਨੀ ਨਾਲ ਜੁੜੇ ਸਾਰੇ ਮੁੱਦਿਆਂ ਦੀ ਇਕਪਾਸੜ ਕਵਰੇਜ ਕੀਤੀ ਜਾ ਰਹੀ ਹੈ, ਜਿਵੇਂ ਸਭ ਕੁਝ ਰੂਸ ਵਿੱਚ ਹੀ ਵਾਪਰ ਰਿਹੈ।’
-ਆਈਏਐੱਨਐੱਸ