ਨਵੀਂ ਦਿੱਲੀ, 3 ਸਤੰਬਰ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਦੂਰਵਰਤੀ ਸਿੱਖਿਆ ਪ੍ਰੋਗਰਾਮਾਂ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ’ਚ ਕੋਰਸ ਦੀ ਮਿਆਦ ਦਾ ਪਾਲਣ ਕਰਨਾ, ਸਹੂਲਤ ਕੇਂਦਰ (ਫਰੈਂਚਾਇਜ਼ਿੰਗ) ਸਮਝੌਤਾ ਨਹੀਂ ਕਰਨਾ ਅਤੇ ਖੇਤਰੀ ਅਧਿਕਾਰ ਖੇਤਰ ਦੇ ਘੇਰੇ ’ਚ ਹਰ ਤਰ੍ਹਾਂ ਦੀ ਸਰਗਰਮੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਓਪਨ ਅਤੇ ਡਿਸਟੈਂਸ ਲਰਨਿੰਗ ਪ੍ਰੋਗਰਾਮਾਂ ’ਚ ਦਾਖ਼ਲਾ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੁਝ ਇਹਤਿਆਤ ਰੱਖਣ ਦੀ ਸਲਾਹ ਦਿੰਦਿਆਂ ਕਿਹਾ,‘‘ਯੂਜੀਸੀ ਦੀ ਡਿਗਰੀ ਸਬੰਧੀ ਵੇਰਵੇ ਅਤੇ ਸੋਧਾਂ ਬਾਰੇ ਜਾਰੀ ਨੋਟੀਫਿਕੇਸ਼ਨ ਤਹਿਤ ਜਿਸ ਡਿਗਰੀ ਪ੍ਰੋਗਰਾਮ ’ਚ ਦਾਖ਼ਲਾ ਲਿਆ ਜਾਂਦਾ ਹੈ, ਉਸ ਦੀ ਘੱਟੋ ਘੱਟ ਮਿਆਦ, ਨਾਮ ਅਤੇ ਯੋਗਤਾ ਦੇ ਪਾਲਣ ਬਾਰੇ ਯਕੀਨੀ ਬਣਾਇਆ ਜਾਵੇ।’’ ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਉਚੇਰੀ ਸਿੱਖਿਆ ਅਦਾਰਿਆਂ ’ਚ ਦਾਖ਼ਲਾ, ਕਾਊਂਸਲਿੰਗ ਸੈਸ਼ਨ, ਸੰਪਰਕ ਪ੍ਰੋਗਰਾਮ ਅਤੇ ਪ੍ਰੀਖਿਆ ਸਮੇਤ ਸਾਰੀਆਂ ਸਰਗਰਮੀਆਂ ਉਸ ਦੇ ਖੇਤਰੀ ਅਧਿਕਾਰ ਦੇ ਘੇਰੇ ’ਚ ਹਨ ਜਾਂ ਨਹੀਂ। ਨਿਯਮਾਂ ਤਹਿਤ ਕੋਈ ਵੀ ਕੇਂਦਰੀ, ਸੂਬਾਈ, ਨਿੱਜੀ ਜਾਂ ਡੀਮਡ ਯੂਨੀਵਰਸਿਟੀ ਕਿਸੇ ਨਿੱਜੀ ਕੋਚਿੰਗ ਸੰਸਥਾਨ ਨਾਲ ਓਪਨ ਅਤੇ ਡਿਸਟੈਂਸ ਜਾਂ ਆਨਲਾਈਨ ਤਰੀਕੇ ਨਾਲ ਕੋਰਸ ਕਰਵਾਉਣ ਲਈ ਸਹੂਲਤ ਕੇਂਦਰ ਸਮਝੌਤੇ ਤਹਿਤ ਕੋਰਸ ਪੇਸ਼ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਯੂਜੀਸੀ ਨੇ ਸੋਧਿਆ ਅਕਾਦਮਿਕ ਸੈਸ਼ਨ 12 ਮਹੀਨੇ ਰੱਖਣ ਦਾ ਫ਼ੈਸਲਾ ਲਿਆ ਹੈ ਜੋ ਸਤੰਬਰ-ਅਕਤੂਬਰ 2020 ਅਤੇ ਫਰਵਰੀ-ਮਾਰਚ 2021 ਤੋਂ ਸ਼ੁਰੂ ਹੋਵੇਗਾ। -ਪੀਟੀਆਈ