ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਕਤੂਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਕੇਂਦਰੀ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਅੱਜ ਇਥੇ ਚੇਅਰਮੈਨ ਕਾਮਰੇਡ ਕੇ. ਗੰਗਾਧਰਨ ਦੀ ਪ੍ਰਧਾਨਗੀ ਹੇਠ ਸਮਾਪਤ ਹੋਈ। ਅੱਜ ਦੂਜੇ ਦਿਨ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਖ਼ਜ਼ਾਨਚੀ ਰਾਜਿੰਦਰ ਪਰਾਂਜਪੇ ਤੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਹਰਕੰਵਲ ਸਿੰਘ ਤੇ ਕੇਐੱਸ ਹਰੀਹਰਨ ਨੇ ਮੀਟਿੰਗ ਨੂੰ ਸੰਬੋਧਨ ਕੀਤਾ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ 7 ਨਵੰਬਰ ਨੂੰ ਰੂਸੀ ਕ੍ਰਾਂਤੀ ਦੀ ਵਰ੍ਹੇਗੰਢ ਮੌਕੇ ਕਾਰਪੋਰੇਟ ਪੱਖੀ ਫਿਰਕੂ-ਫਾਸਿਸਟ ਸੱਤਾ ਅਤੇ ਸਾਮਰਾਜ ਤੋਂ ਮੁਕਤੀ ਦਾ ਸੁਨੇਹਾ ਦੇਣ ਲਈ ਦੇਸ਼ ਭਰ ਵਿੱਚ ਵੱਡੇ ਪੱਧਰ ’ਤੇ ਸਮਾਗਮ ਕੀਤੇ ਜਾਣਗੇ। ਇਸ ਮਗਰੋਂ 6 ਦਸੰਬਰ ਨੂੰ ਬਾਬਾ ਸਾਹਿਬ ਡਾ. ਬੀਆਰ ਅੰਬੇਦਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਕੌਮੀ ਪੱਧਰ ’ਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਲਈ, ਧਾਰਮਿਕ ਆਜ਼ਾਦੀ ਤੇ ਸੰਵਿਧਾਨਕ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਨਵੈਨਸ਼ਨਾਂ, ਸੈਮੀਨਾਰ, ਇਕਜੁੱਟਤਾ ਮਾਰਚ ਤੇ ਰੈਲੀਆਂ-ਮੀਟਿੰਗਾਂ ਆਦਿ ਕੀਤੀਆਂ ਜਾਣਗੀਆਂ। ਉਕਤ ਇਕੱਠਾਂ ਰਾਹੀਂ ਭਾਈਚਾਰਕ ਸਾਂਝ ਅਤੇ ਜਮਾਤੀ ਏਕਤਾ ਮਜ਼ਬੂਤ ਕਰਨ ਦਾ ਵੀ ਸੁਨੇਹਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਪਾਰਟੀ ਅਤੇ ਜਨ ਸੰਗਠਨਾਂ ਦੇ ਸਾਂਝੇ ਸੰਘਰਸ਼ ਤੇਜ਼ ਕਰਦਿਆਂ ਲੋਕਰਾਜ, ਧਰਮ ਨਿਰਪੱਖਤਾ ਤੇ ਫੈੱਡਰਲਿਜ਼ਮ ਦੀਆਂ ਮੁੱਦਈ ਤਾਕਤਾਂ ਦੀ ਸਾਂਝ ਕਾਇਮ ਕਰਨ ਲਈ ਪੂਰਾ ਤਾਣ ਲਾਇਆ ਜਾਵੇਗਾ। ਬੁਲਾਰਿਆਂ ਨੇ ਦੱਸਿਆ ਕਿ ਪਾਰਟੀ ਦੀ ਦੂਜੀ ਕੁਲ ਹਿੰਦ ਕਾਨਫਰੰਸ ਪਾਰਟੀ ਦੇ ਸੰਸਥਾਪਕ ਸ਼ਹੀਦ ਟੀਪੀ ਚੰਦਰਸ਼ੇਖਰਨ ਦੀ ਕਰਮਭੂਮੀ ਕੋਝੀਕੋਡ, ਕੇਰਲਾ ਵਿੱਚ 23 ਤੋਂ 26 ਫਰਵਰੀ, 2023 ਨੂੰ ਕਰਵਾਈ ਜਾਵੇਗੀ।